ਦੂਜੀ ਸੂਚੀ ''ਚ 11 ਨਵੇਂ ਨੌਜਵਾਨਾਂ ਨੂੰ ਬਣਾਇਆ ਏ. ਆਈ. ਸੀ. ਸੀ. ਦੇ ਮੈਂਬਰ

03/18/2018 8:00:56 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਆਲ ਇੰਡੀਆ ਕਾਂਗਰਸ ਦੀ ਚੋਣ ਕਮੇਟੀ ਵੱਲੋਂ ਨਵੀਆਂ ਨਿਯੁਕਤੀਆਂ ਲਈ ਜਾਰੀ ਕੀਤੀਆਂ ਗਈਆਂ 2 ਸੂਚੀਆਂ ਵਿਚ ਜਿਥੇ ਪੰਜਾਬ ਨਾਲ ਸਬੰਧਤ 51 ਦੇ ਕਰੀਬ ਸੀਨੀਅਰ ਆਗੂਆਂ ਨੂੰ ਨੁਮਾਇੰਦਗੀਆਂ ਦਿੱਤੀਆਂ ਗਈਆਂ ਹਨ, ਉਥੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਨੂੰ ਵੀ ਪਾਰਟੀ ਦੇ ਸਿਖਰਲੇ ਅਹੁਦਿਆਂ 'ਤੇ ਨਿਯੁਕਤ ਕਰਨ ਦੀ ਸ਼ੁਰੂ ਕੀਤੀ ਕਵਾਇਦ ਤਹਿਤ ਪੰਜਾਬ ਦੇ 13 ਨੌਜਵਾਨਾਂ ਨੂੰ ਵੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ। ਖਾਸ ਤੌਰ 'ਤੇ ਹਾਈਕਮਾਨ ਵੱਲੋਂ ਅਡਾਪਟ ਕੀਤੇ ਗਏ ਮੈਂਬਰਾਂ ਦੀ ਜਾਰੀ ਕੀਤੀ ਗਈ ਦੂਸਰੀ ਸੂਚੀ 'ਚ ਪੰਜਾਬ ਨਾਲ ਸਬੰਧਤ ਕਰੀਬ 11 ਨੌਜਵਾਨਾਂ ਨੂੰ ਸ਼ਾਮਲ ਕੀਤੇ ਜਾਣ ਕਾਰਨ ਪੰਜਾਬ ਦੇ ਵੱਖ-ਵੱਖ ਹਲਕਿਆਂ ਨਾਲ ਸਬੰਧਤ ਇਨ੍ਹਾਂ ਨੌਜਵਾਨਾਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਅਜੇ ਇਕ ਸੂਚੀ ਹੋਰ ਆਉਣ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ, ਜਿਸ ਵਿਚ ਕਈ ਹੋਰ ਨੌਜਵਾਨਾਂ ਨੂੰ ਨੁਮਾਇੰਦਗੀ ਮਿਲਣ ਦੀ ਆਸ ਹੈ।
ਨਵੀਂ ਸੂਚੀ 'ਚ ਸ਼ਾਮਿਲ ਕੀਤੇ 11 ਨੌਜਵਾਨ ਚਿਹਰੇ
ਬੀਤੇ ਕੱਲ ਜਾਰੀ ਕੀਤੀ ਗਈ ਸੂਚੀ 'ਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਅੱਜ ਜਾਰੀ ਕੀਤੀ ਗਈ ਸੂਚੀ ਵਿਚ ਰਾਹੁਲ ਗਾਂਧੀ ਵੱਲੋਂ ਜਿਹੜੇ ਨੌਜਵਾਨ ਸ਼ਾਮਲ ਕੀਤੇ ਗਏ, ਉਨ੍ਹਾਂ ਦੀ ਉਮਰ 26 ਤੋਂ 39 ਸਾਲ ਦਰਮਿਆਨ ਹੈ। ਇਸ ਸੂਚੀ ਵਿਚ ਗੁਰਦਾਸਪੁਰ ਨਾਲ ਸਬੰਧਤ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਪਠਾਨਕੋਟ ਦੇ ਵਿਧਾਇਕ ਅਮਿਤ ਵਿਜ, ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਜਲੰਧਰ ਲੋਕ ਸਭਾ ਹਲਕੇ ਤੋਂ ਸਬੰਧਤ ਅਵਤਾਰ ਸਿੰਘ ਸੰਘੇੜਾ, ਨਵਾਂ ਸ਼ਹਿਰ ਹਲਕੇ ਨਾਲ ਸਬੰਧਤ ਅੰਗਦ ਸੈਣੀ, ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਿਕਾਰ ਕੌਰ, ਫ਼ਾਜ਼ਿਲਕਾ ਹਲਕੇ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਧੂਰੀ ਹਲਕੇ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ, ਰੋਪੜ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਬਰਿੰਦਰ ਸਿੰਘ ਢਿੱਲੋਂ ਅਤੇ ਤਲਵੰਡੀ ਸਾਬੋ ਤੋਂ ਖੁਸ਼ਬਾਜ਼ ਸਿੰਘ ਜਟਾਣਾ ਦੇ ਨਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਕਾਂਗਰਸ ਦੇ ਇਤਿਹਾਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਸਿਰਫ਼ ਵੱਡੇ ਅਸਰ ਰਸੂਖ਼ ਵਾਲੇ ਸੀਨੀਅਰ ਆਗੂਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਇੱਥੋਂ ਤਕ ਕਿ ਪੰਜਾਬ ਕਾਂਗਰਸ ਨਾਲ ਸਬੰਧਤ ਅਨੇਕਾਂ ਸੀਨੀਅਰ ਆਗੂ ਅਤੇ ਵਿਧਾਇਕ ਵੀ ਅਜਿਹੇ ਹਨ, ਜਿਨ੍ਹਾਂ ਨੂੰ ਇਸ ਕੌਮੀ ਪੱਧਰ ਦੀ ਕਮੇਟੀ ਦੇ ਮੈਂਬਰ ਬਣਨ ਦਾ ਮਾਣ ਹਾਸਲ ਨਹੀਂ ਹੋਇਆ ਪਰ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਇਕੱਲੇ ਪੰਜਾਬ ਨਾਲ ਸਬੰਧਤ 13 ਦੇ ਕਰੀਬ ਨੌਜਵਾਨਾਂ ਨੂੰ ਇਸ ਕਮੇਟੀ ਵਿਚ ਸ਼ਾਮਲ ਕੀਤੇ ਜਾਣ ਨਾਲ ਜਿੱਥੇ ਇਹ ਨੌਜਵਾਨ ਵਿਧਾਇਕਾਂ ਅਤੇ ਵੱਖ-ਵੱਖ ਅਹੁਦੇਦਾਰਾਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ, ਉਸ ਦੇ ਨਾਲ ਹੀ ਯੂਥ ਕਾਂਗਰਸ ਦੇ ਹੋਰ ਅਹੁਦੇਦਾਰਾਂ ਅੰਦਰ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਸੀਨੀਅਰ ਆਗੂਆਂ ਦੀਆਂ ਟਿਕਟਾਂ ਕੱਟ ਕੇ ਨੌਜਵਾਨਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਜਿਨ੍ਹਾਂ 'ਚੋਂ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ ਨੇ ਕਰੀਬ 29 ਹਜ਼ਾਰ ਤੋਂ ਵੀ ਜ਼ਿਆਦਾ ਲੀਡ ਲੈ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਹੋਰ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਨੇ ਵੀ ਵੱਡੀਆਂ ਜਿੱਤਾਂ ਦਰਜ ਕਰ ਕੇ ਰਾਹੁਲ ਦੇ ਇਸ ਤਜਰਬੇ 'ਤੇ ਸਫਲਤਾ ਦੀ ਮੋਹਰ ਲਾਈ ਸੀ, ਜਿਸ ਦੇ ਨਤੀਜੇ ਵਜੋਂ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਵਿਚ ਵੀ ਨੌਜਵਾਨ ਚਿਹਰਿਆਂ ਦੀ ਭਰਮਾਰ ਦੇਖਣ ਨੂੰ ਮਿਲੇਗੀ।