ਠੱਗੀ ਦੇ ਸ਼ਿਕਾਰ ਪੀੜਤਾਂ ਨੂੰ ਦਿਵਾਏ 29 ਹਜ਼ਾਰ ਰੁਪਏ

04/25/2018 4:37:36 AM

ਅੰਮ੍ਰਿਤਸਰ,   (ਲਖਬੀਰ)-  ਪੈਸੇ ਲੈ ਕੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਇਕ ਏਜੰਟ ਵੱਲੋਂ ਇਕ ਵਿਅਕਤੀ ਤੋਂ 25 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਨਵ ਅਧਿਕਾਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੀੜਤ ਨੂੰ ਉਸ ਦੀ ਬਣਦੀ ਰਕਮ ਵਾਪਸ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਨੇ ਦਿੱਤੀ।
ਪੀੜਤ ਦਲਬੀਰ ਸਿੰਘ ਵਾਸੀ ਪਿੰਡ ਗੁਮਾਨਪੁਰਾ ਨੇ ਦੱਸਿਆ ਕਿ ਉਸ ਨੇ 5 ਸਾਲ ਪਹਿਲਾਂ ਇਕ ਕੰਪਨੀ ਦੇ ਏਜੰਟ ਦੇ ਝਾਂਸੇ ਵਿਚ ਆ ਕੇ 25000 ਰੁਪਏ ਦਿੱਤੇ ਸਨ, ਜਿਸ ਨੂੰ ਏਜੰਟ ਵੱਲੋਂ 3 ਸਾਲ ਵਿਚ ਦੁੱਗਣੇ ਕਰ ਕੇ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ ਸੀ, ਹੁਣ 5 ਸਾਲ ਬੀਤਣ ਦੇ ਬਾਵਜੂਦ ਉਕਤ ਏਜੰਟ ਉਨ੍ਹਾਂ ਦੀ ਦਿੱਤੀ 25000 ਰਕਮ ਵਾਪਸ ਨਹੀਂ ਕਰ ਰਿਹਾ ਤੇ ਨਾ ਹੀ ਉਸ ਨੇ ਦੁੱਗਣੇ ਹੋਏ ਪੈਸੇ ਮੋੜੇ। ਕਾਫੀ ਖੱਜਲ-ਖੁਆਰ ਹੋਣ ਤੋਂ ਬਾਅਦ ਮਾਨਵ ਅਧਿਕਾਰ ਸੰਘਰਸ਼ ਕਮੇਟੀ ਨਾਲ ਰਾਬਤਾ ਕੀਤਾ। ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਨੇ ਉਕਤ ਏਜੰਟ ਨੂੰ ਮਿਲ ਕੇ ਪੀੜਤ ਵਿਅਕਤੀ ਦੇ 25000 ਰੁਪਏ ਵਾਪਸ ਕਰਵਾਏ।
ਇਸੇ ਤਰ੍ਹਾਂ ਸਵਿੰਦਰ ਸਿੰਘ ਵਾਸੀ ਪਿੰਡ ਗੁਮਾਨਪੁਰਾ ਨੇ ਨੰਬਰਦਾਰ ਨੂੰ 4000 ਰੁਪਏ ਇੰਤਕਾਲ ਕਰਵਾਉਣ ਲਈ ਦਿੱਤੇ ਸਨ, ਕਮੇਟੀ ਵੱਲੋਂ ਦਖਲਅੰਦਾਜ਼ੀ ਕਰਨ ਉਪਰੰਤ ਉਕਤ ਪੀੜਤ ਦੇ ਪੈਸੇ ਵਾਪਸ ਕਰਵਾਏ ਗਏ।
ਇਸ ਮੌਕੇ ਲੀਗਲ ਐਡਵਾਈਜ਼ਰ ਸੰਯਮ ਸ਼ਰਮਾ, ਵਿਜੇ ਸ਼ਰਮਾ, ਸਤੀਸ਼ ਅਰੋੜਾ, ਬਖਸ਼ਿੰਦਰ ਸਿੰਘ ਬਿੱਲਾ, ਮਨਜੀਤ ਕਾਲੀਆ, ਵਿਕਾਸ ਭੱਲਾ, ਸੁਰੇਸ਼ ਰਾਏ, ਕੁਲਵੰਤ ਰਾਏ ਪ੍ਰਾਸ਼ਰ, ਪਵਨ ਅਰੋੜਾ, ਅਭੇ ਸ਼ੰਕਰ ਆਦਿ ਹਾਜ਼ਰ ਸਨ।