ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ 269ਵੇਂ ਗੇੜ ਦੀ ਵਹੀਰ ਰਵਾਨਾ

07/23/2017 10:39:32 AM

ਅੰਮ੍ਰਿਤਸਰ - ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਥੇਦਾਰ ਭਾਈ ਬਲਦੇਵ ਸਿੰਘ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੌਜੂਦਾ ਜਥੇਦਾਰ ਭਾਈ ਸੁਖਚੈਨ ਸਿੰਘ ਦੀ ਅਗਵਾਈ ਅਤੇ ਧਰਮ ਪ੍ਰਚਾਰ ਲਹਿਰ ਦੇ ਜਨਰਲ ਸਕੱਤਰ ਭਾਈ ਤਮਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਦੇ 269ਵੇਂ ਗੇੜ ਦੇ ਸਮਾਗਮਾਂ ਲਈ ਵਹੀਰ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਸ਼ਹੀਦਗੰਜ ਬੀ-ਬਲਾਕ ਤੋਂ ਅੱਜ ਅਰਦਾਸ ਉਪਰੰਤ ਖਰੜ ਲਈ ਰਵਾਨਾ ਹੋਈ।
ਇਸ ਮੌਕੇ ਭਾਈ ਸੁਖਚੈਨ ਸਿੰਘ ਤੇ ਭਾਈ ਤਮਿੰਦਰ ਸਿੰਘ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਇਕ ਕੌਮੀ ਲਹਿਰ ਹੈ ਅਤੇ ਇਸ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਅਨੁਸਾਰ ਬਾਣੇ ਅਤੇ ਬਾਣੀ ਨਾਲ ਜੁੜਨ ਦੇ ਸੰਕਲਪ 'ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 269ਵੇਂ ਗੇੜ ਦੇ ਸਮਾਗਮ ਪਿੰਡ ਦੇਸੂਮਾਜਰਾ ਹਲਕਾ ਖਰੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਣਗੇ, ਜਿਥੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਭਾਈ ਸੁਖਚੈਨ ਸਿੰਘ ਤੇ ਭਾਈ ਤਮਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਲੰਗਰ-ਰਸਦਾਂ ਤੇ ਪ੍ਰਸ਼ਾਦ 'ਤੇ ਵੀ ਜੀ. ਐੱਸ. ਟੀ. ਲਾਗੂ ਕੀਤੇ ਜਾਣ ਨਾਲ ਦੇਸ਼-ਵਿਦੇਸ਼ 'ਚ ਵੱਸਦੇ ਹਰ ਧਰਮ ਦੇ ਲੋਕਾਂ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਭ ਧਾਰਮਿਕ ਅਸਥਾਨਾਂ ਨੂੰ ਜੀ. ਐੱਸ. ਟੀ. ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ 1 ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ ਤੇ ਲੰਗਰ ਪ੍ਰਸ਼ਾਦ ਛਕਦੇ ਹਨ, ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਅੰਦਰ ਆਉਣ ਵਾਲੀਆਂ ਕੁਦਰਤੀ ਆਫਤਾਂ ਮੌਕੇ ਵੀ ਮੋਹਰੀ ਹੋ ਕੇ ਦੇਸ਼ਵਾਸੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਸ ਸਦਕਾ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣਾ ਠੀਕ ਨਹੀਂ ਹੈ।
ਇਸ ਸਮੇਂ ਧਰਮ ਪ੍ਰਚਾਰ ਲਹਿਰ ਦੇ ਇੰਚਾਰਜ ਡਾ. ਗੁਰਮੀਤ ਕੌਰ, ਭਾਈ ਜਗਤਾਰ ਸਿੰਘ ਵਡਾਲੀ, ਭਾਈ ਬਾਵਾ ਸਿੰਘ ਬਹੋੜੂ, ਭਾਈ ਦਲਬੀਰ ਸਿੰਘ ਬਹੋੜੂ, ਕੰਵਲਨੈਨ ਸਿੰਘ ਆਸਟ੍ਰੇਲੀਆ, ਦਲਬੀਰ ਸਿੰਘ ਛੇਹਰਟਾ, ਮੁੱਖ ਪ੍ਰਚਾਰਕ ਸਰਬਜੀਤ ਸਿੰਘ ਸੋਹੀਆਂ, ਇੰਚਾਰਜ ਦਲਬੀਰ ਸਿੰਘ ਤੇ ਭਾਈ ਸੁਰਜੀਤ ਸਿੰਘ ਪੰਜ ਪਿਆਰਾ ਵੀ ਹਾਜ਼ਰ ਸਨ।