ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 525ਵੇਂ ਟਰੱਕ ਦੀ ਸਮੱਗਰੀ

09/20/2019 5:44:05 PM

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਜਦੋਂ ਵੀ ਤਣਾਅ ਵਾਲੀ ਸਥਿਤੀ ਬਣਦੀ ਹੈ ਤਾਂ ਉਥੇ ਰਹਿਣ ਵਾਲੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਨਾਗਰਿਕਾਂ ਲਈ ਵੱਡਾ ਸੰਕਟ ਪੈਦਾ ਹੋ ਜਾਂਦਾ ਹੈ। ਆਪਣੇ ਹੱਸਦੇ-ਵੱਸਦੇ ਘਰ-ਬਾਹਰ ਛੱਡ ਕੇ ਉਨ੍ਹਾਂ ਨੂੰ ਦੂਰ-ਦੁਰਾਡੇ ਸੁਰੱਖਿਅਤ ਟਿਕਾਣਿਆਂ ਵੱਲ ਪਲਾਇਨ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੀ ਸੰਕਟ ਵਾਲੀ ਸਥਿਤੀ ਇਕ ਵਾਰ ਨਹੀਂ ਸਗੋਂ ਵਾਰ-ਵਾਰ ਬਣਦੀ ਰਹਿੰਦੀ ਹੈ। ਜੰਮੂ-ਕਸ਼ਮੀਰ ਦੇ ਕੁਝ ਖੇਤਰ ਤਾਂ ਅਜਿਹੇ ਹਨ ਜਿਥੋਂ ਦੇ ਬਸ਼ਿੰਦਿਆਂ ਨੂੰ ਮਹੀਨੇ 'ਚ ਦੋ-ਦੋ ਵਾਰ ਵੀ ਘਰ ਛੱਡ ਕੇ ਦੌੜਨ ਲਈ ਮਜਬੂਰ ਹੋਣਾ ਪੈਂਦਾ ਹੈ।

ਪਾਕਿਸਤਾਨੀ ਸੈਨਿਕਾਂ ਵਲੋਂ ਬਿਨਾਂ ਕਾਰਣ ਭਾਰਤੀ ਖੇਤਰਾਂ ਵੱਲ ਕੀਤੀ ਜਾਂਦੀ ਗੋਲੀਬਾਰੀ ਨੇ ਦਰਜਨਾਂ ਪਿੰਡਾਂ ਦੇ ਘਰਾਂ ਦੀਆਂ ਕੰਧਾਂ ਛਲਣੀ ਕਰ ਦਿੱਤੀਆਂ ਹਨ। ਇਸ ਗੋਲੀਬਾਰੀ ਕਾਰਣ ਅਣਗਿਣਤ ਲੋਕ ਆਪਣੀਆਂ ਜਾਨਾਂ ਗੁਆ ਬੈਠੇ ਹਨ ਅਤੇ ਬਹੁਤ ਸਾਰੇ ਜ਼ਖਮੀ ਹਾਲਤ 'ਚ ਜਿਊਣ ਲਈ ਮਜਬੂਰ ਹਨ। ਕਿਸਾਨਾਂ ਦੇ ਪਸ਼ੂ ਵੀ ਪਾਕਿਸਤਾਨੀ ਫਾਇਰਿੰਗ ਦੇ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਕੰਮ-ਧੰਦੇ ਵੀ ਵਾਰ-ਵਾਰ ਠੱਪ ਹੁੰਦੇ ਰਹਿੰਦੇ ਹਨ।

ਸਰਹੱਦਾਂ ਕਿਨਾਰੇ ਵੱਸਣ ਵਾਲੇ ਭਾਰਤੀ ਪਰਿਵਾਰਾਂ ਨੂੰ ਅੱਤਵਾਦ ਦਾ ਸੇਕ ਵੀ ਸਹਿਣ ਕਰਨਾ ਪਿਆ ਅਤੇ ਇਸ ਕਾਰਣ ਵੀ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ। ਸਰਹੱਦੀ ਲੋਕ ਪਿਛਲੇ 3-4 ਦਹਾਕਿਆਂ ਤੋਂ ਇਨ੍ਹਾਂ ਹਮਲਿਆਂ ਨੂੰ ਝੱਲ ਰਹੇ ਹਨ। ਬੇਹੱਦ ਮੁਸ਼ਕਲ ਹਾਲਾਤ ਵਿਚ ਸਮਾਂ ਗੁਜ਼ਾਰ ਰਹੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅਕਤੂਬਰ 1999 ਵਿਚ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਗਈ ਸੀ, ਜਿਸ ਅਧੀਨ ਸੈਂਕੜੇ ਟਰੱਕਾਂ ਦੀ ਸਮੱਗਰੀ ਉਨ੍ਹਾਂ ਤਕ ਪਹੁੰਚਾਈ ਜਾ ਚੁੱਕੀ ਹੈ।
ਇਸ ਮੁਹਿੰਮ ਦੇ ਸਿਲਸਿਲੇ 'ਚ ਹੀ ਪਿਛਲੇ ਦਿਨੀਂ 525ਵੇਂ ਟਰੱਕ ਦੀ ਸਮੱਗਰੀ ਜੰਮੂ ਖੇਤਰ ਦੇ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਭਿਜਵਾਈ ਗਈ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਅੰਬਾਲਾ ਦੇ ਉਤਸ਼ਾਹੀ ਵਿਧਾਇਕ ਅਤੇ ਲੋਕ ਸੇਵਾ ਨੂੰ ਸਮਰਪਿਤ ਭਾਜਪਾ ਨੇਤਾ ਸ਼੍ਰੀ ਅਸੀਮ ਗੋਇਲ ਵਲੋਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵਿਧਾਇਕ ਸ਼੍ਰੀ ਗੋਇਲ ਇਸ ਤੋਂ ਪਹਿਲਾਂ ਵੀ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ ਇਕ ਟਰੱਕ ਭਿਜਵਾ ਚੁੱਕੇ ਹਨ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਅੰਬਾਲਾ ਤੋਂ ਹੀ ਪੀੜਤ ਖੇਤਰਾਂ ਲਈ ਰਵਾਨਾ ਕੀਤਾ ਗਿਆ ਸੀ। ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ, ਇਕ ਕੰਬਲ ਤੋਂ ਇਲਾਵਾ ਡਾਲਡਾ ਘਿਓ, ਰਾਜਮਾਂਹ, ਖੰਡ, ਦਾਲ, ਨਮਕ (ਹਰੇਕ ਇਕ ਕਿਲੋ) ਅਤੇ ਬੱਚਿਆਂ ਲਈ ਟਾਫੀਆਂ ਆਦਿ ਵੀ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਵੀ ਮੌਜੂਦ ਸਨ। ਇਸ ਸਮੱਗਰੀ ਦੀ ਵੰਡ ਲਈ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਪੀੜਤ ਖੇਤਰਾਂ ਤੱਕ ਜਾਣ ਵਾਲੇ ਮੈਂਬਰਾਂ ਵਿਚ ਵਿਧਾਇਕ ਸ਼੍ਰੀ ਅਸੀਮ ਗੋਇਲ ਤੋਂ ਇਲਾਵਾ ਸੰਜੀਵ ਗੋਇਲ, ਰਾਜੇਸ਼ ਗੋਇਲ, ਹਿਤੇਸ਼ ਜੈਨ, ਅਨਿਲ ਗੁਪਤਾ, ਅਰਪਿਤ ਅਗਰਵਾਲ, ਪੰਜਾਬ ਕੇਸਰੀ ਦਫਤਰ ਅੰਬਾਲਾ ਦੀ ਇੰਚਾਰਜ ਰੀਟਾ ਸ਼ਰਮਾ, ਜਲੰਧਰ ਤੋਂ ਰਾਜੇਸ਼ ਭਗਤ ਅਤੇ ਵਿਨੋਦ ਸ਼ਰਮਾ ਵੀ ਸ਼ਾਮਲ ਸਨ।

Shyna

This news is Content Editor Shyna