25 ਸੀਲ ਹੋਏ ਮੈਰਿਜ ਪੈਲੇਸਾਂ ''ਚ ਵੱਜ ਰਹੀਆਂ ਸ਼ਹਿਨਾਈਆਂ

03/21/2018 10:34:36 AM

ਅੰਮ੍ਰਿਤਸਰ (ਰਮਨ) - ਗੈਰ-ਕਾਨੂੰਨੀ ਮੈਰਿਜ ਪੈਲੇਸਾਂ ਦੇ ਮਾਮਲੇ 'ਚ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ ਨਗਰ ਨਿਗਮ, ਪੁੱਡਾ ਤੇ ਏ. ਡੀ. ਏ. ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਮੈਰਿਜ ਪੈਲੇਸ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਸ਼ਹਿਰ ਵਿਚ ਨਿਗਮ ਐੱਮ. ਟੀ. ਪੀ. ਵਿਭਾਗੀ ਅੰਕੜਿਆਂ ਅਨੁਸਾਰ 89 ਮੈਰਿਜ ਪੈਲੇਸ ਹਨ, ਜਿਨ੍ਹਾਂ 'ਚੋਂ 4 ਸੈਂਕਸ਼ਨ, 28 ਰੈਗੂਲਰਾਈਜ਼ਡ, 25 ਸੀਲ, 16 ਬੰਦ ਅਤੇ 16 ਮੈਰਿਜ ਪੈਲੇਸਾਂ ਨੇ ਰੈਗੂਲਰਾਈਜ਼ ਕਰਨ ਲਈ ਬੇਨਤੀ ਕੀਤੀ ਹੋਈ ਹੈ, ਜਿਸ ਸਬੰਧੀ ਸ਼ਹਿਰ ਵਿਚ ਨਗਰ ਨਿਗਮ ਅਨੁਸਾਰ 25 ਦੇ ਕਰੀਬ ਮੈਰਿਜ ਪੈਲੇਸ ਉਨ੍ਹਾਂ ਦੇ ਰਿਕਾਰਡ ਵਿਚ ਸੀਲ ਹਨ। ਉਨ੍ਹਾਂ ਨੇ ਹਾਈ ਕੋਰਟ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸੀਲਾਂ ਤੋੜ ਦਿੱਤੀਆਂ ਹਨ। ਸਰਕਾਰੀ ਸੀਲਾਂ ਟੁੱਟਣ ਤੋਂ ਬਾਅਦ ਨਿਗਮ ਦੇ ਐੱਮ. ਟੀ. ਪੀ. ਵਿਭਾਗ ਨੇ ਇਨ੍ਹਾਂ ਸਾਰੇ ਪੈਲੇਸਾਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ ਪਰ ਮੈਰਿਜ ਪੈਲੇਸ ਵਾਲਿਆਂ ਨੂੰ ਨਿਗਮ ਦੇ ਐੱਮ. ਟੀ. ਪੀ. ਵਿਭਾਗ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਸਬੰਧੀ ਵਿਭਾਗ ਵੱਲੋਂ ਪੁਲਸ ਕਮਿਸ਼ਨਰ ਨੂੰ ਵੀ ਲਿਖਤੀ ਭੇਜਿਆ ਗਿਆ ਹੈ ਕਿ ਸਰਕਾਰੀ ਸੀਲਾਂ ਤੋੜਣ 'ਤੇ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਕੋਈ ਅਧਿਕਾਰੀ ਕੁਝ ਨਹੀਂ ਬੋਲ ਰਿਹਾ, ਨੇਤਾਵਾਂ ਦੇ ਦਬਾਅ ਕਾਰਨ ਸਾਰੇ ਅਧਿਕਾਰੀ ਚੁੱਪ ਹੋ ਕੇ ਬੈਠ ਗਏ ਹਨ। ਮੈਰਿਜ ਪੈਲੇਸ ਸੀਲ ਹੋਣ ਤੋਂ ਪਹਿਲਾਂ ਇਨ੍ਹਾਂ ਵਿਚ ਵਿਆਹ, ਪਾਰਟੀਆਂ ਦੀ ਹੁਣ ਵੀ ਬੁਕਿੰਗ ਜਾਰੀ ਹੈ, ਜਿਸ ਨਾਲ ਇਨ੍ਹਾਂ ਸੀਲ ਹੋਏ ਪੈਲੇਸਾਂ ਵਿਚ ਅੱਜ ਵੀ ਸ਼ਹਿਨਾਈਆਂ ਵੱਜ ਰਹੀਆਂ ਹਨ।
ਸ਼ਹਿਰ 'ਚ ਚੱਲ ਰਹੇ ਕਈ ਪੈਲੇਸ
ਸ਼ਹਿਰ ਦੇ ਕਈ ਇਲਾਕਿਆਂ ਵਿਚ ਛੋਟੇ ਮੈਰਿਜ ਪੈਲੇਸ ਅੱਜ ਵੀ ਚੱਲ ਰਹੇ ਹਨ, ਜਿਸ ਸਬੰਧੀ ਵਿਭਾਗ ਕੁਝ ਵੀ ਨਹੀਂ ਕਰ ਰਿਹਾ, ਨਾ ਤਾਂ ਉਨ੍ਹਾਂ ਲਈ ਕੋਈ ਪਾਲਿਸੀ ਹੈ ਤੇ ਨਾ ਹੀ ਕੋਈ ਨਿਯਮ। ਇਹ ਪੈਲੇਸ ਅੱਜ ਵੀ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਚੱਲ ਰਹੇ ਹਨ।
ਸਰਕਾਰੀ ਸੀਲ ਤੋੜਣਾ ਕਾਨੂੰਨੀ ਜੁਰਮ
ਸ਼ਹਿਰ ਵਿਚ ਨਗਰ ਨਿਗਮ ਐੱਮ. ਟੀ. ਪੀ. ਵਿਭਾਗ ਅਨੁਸਾਰ 25 ਮੈਰਿਜ ਪੈਲੇਸਾਂ ਨੂੰ ਸੀਲ ਕੀਤਾ ਗਿਆ ਸੀ ਪਰ ਉਨ੍ਹਾਂ 'ਚੋਂ ਤਕਰੀਬਨ ਸਾਰੇ ਮੈਰਿਜ ਪੈਲੇਸਾਂ ਨੇ ਸਰਕਾਰੀ ਸੀਲਾਂ ਨੂੰ ਤੋੜ ਦਿੱਤਾ ਹੈ ਅਤੇ ਕੁਝ ਇਕ ਨੇ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਨੇਤਾਵਾਂ ਦੇ ਦਬਾਅ ਨਾਲ ਪੈਲੇਸ ਦੇ ਇਕ ਹੀ ਗੇਟ ਨੂੰ ਸੀਲ ਕਰਵਾਇਆ ਸੀ ਅਤੇ ਬਾਕੀ ਦੇ ਗੇਟ ਸੀਲ ਨਹੀਂ ਕਰਵਾਏ, ਜਿਸ ਨਾਲ ਕੁਝ ਪੈਲੇਸਾਂ ਵਾਲੇ ਬਾਕੀ ਦੇ ਰਸਤਿਆਂ ਤੋਂ ਕੰਮ ਚਲਾ ਰਹੇ ਹਨ ਅਤੇ ਕਈਆਂ ਨੇ ਤਾਂ ਸਰਕਾਰੀ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਸੀਲਾਂ ਤੋੜ ਦਿੱਤੀਆਂ ਹਨ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਇਨ੍ਹਾਂ ਪੈਲੇਸਾਂ ਵਿਚ ਅਧਿਕਾਰੀ ਵੀ ਜਾਣ ਤੋਂ ਡਰਦੇ ਹਨ। ਜੇਕਰ ਕੋਈ ਵੀ ਵਿਅਕਤੀ ਸਰਕਾਰੀ ਸੀਲ ਤੋੜਦਾ ਹੈ ਤਾਂ ਉਸ 'ਤੇ ਕੇਸ ਦਰਜ ਹੋ ਸਕਦਾ ਹੈ।
ਕਮਿਸ਼ਨਰ ਤੇ ਡੀ. ਸੀ. ਨੇ ਹਾਈ ਕੋਰਟ ਦੇ ਆਦੇਸ਼ਾਂ 'ਤੇ ਕਰਵਾਈ ਸੀ ਕਾਰਵਾਈ
ਸ਼ਹਿਰ ਵਿਚ ਮੈਰਿਜ ਪੈਲੇਸਾਂ ਸਬੰਧੀ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਤੇ ਉਦੋਂ ਦੇ ਡੀ. ਸੀ. ਵਰੁਣ ਰੂਜਮ ਦੇ ਨਿਰਦੇਸ਼ਾਂ 'ਤੇ ਅਧਿਕਾਰੀਆਂ ਨੇ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੈਰਿਜ ਪੈਲੇਸਾਂ ਨੂੰ ਸੀਲ ਕਰਵਾਇਆ ਸੀ, ਜਿਸ ਸਬੰਧੀ ਸ਼ਹਿਰ ਵਿਚ ਉੱਚ ਆਗੂਆਂ 'ਤੇ ਵੀ ਦਬਾਅ ਰਿਹਾ ਪਰ ਹਾਈ ਕੋਰਟ ਦੇ ਆਦੇਸ਼ਾਂ ਨੂੰ ਲੈ ਕੇ ਕਿਸੇ ਵੀ ਅਧਿਕਾਰੀ ਨੇ ਇਕ ਨਹੀਂ ਸੁਣੀ ਸੀ। ਜਿਨ੍ਹਾਂ ਪੈਲੇਸਾਂ ਨੂੰ ਸੀਲ ਕੀਤਾ ਗਿਆ, ਉਹ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਅੱਜ ਵੀ ਖੁੱਲ੍ਹੇ ਹੋਏ ਹਨ।
ਜਿਨ੍ਹਾਂ ਮੈਰਿਜ ਪੈਲੇਸ ਵਾਲਿਆਂ ਨੇ ਸੀਲ ਤੋੜੀ ਹੈ, ਉਨ੍ਹਾਂ ਸਬੰਧੀ ਪੁਲਸ ਨੂੰ 2-3 ਵਾਰ ਰੀਮਾਇੰਡਰ ਭੇਜ ਚੁੱਕੇ ਹਾਂ, ਪਤਾ ਨਹੀਂ ਕਿਉਂ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਹੋ ਰਹੀ। ਇਸ ਸਬੰਧੀ ਛੇਤੀ ਹੀ ਪੁਲਸ ਕਮਿਸ਼ਨਰ ਨੂੰ ਮਿਲਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਵਾਈ ਜਾਵੇਗੀ। -ਇਕਬਾਲਪ੍ਰੀਤ ਸਿੰਘ ਰੰਧਾਵਾ, ਐੱਮ. ਟੀ. ਪੀ. ਨਗਰ ਨਿਗਮ