25 ਬੋਰੇ ਨਾਜਾਇਜ਼ ਚੂਰਾ-ਪੋਸਤ ਤੇ 1.53 ਲੱਖ ਦੀ ਨਕਦੀ ਸਣੇ 3 ਫੜੇ

09/24/2017 2:48:17 AM

ਫਗਵਾੜਾ,   (ਜਲੋਟਾ)- ਫਗਵਾੜਾ 'ਚ ਸੀ. ਆਈ. ਏ. ਸਟਾਫ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਵਲੋਂ ਲਗਭਗ 25 ਬੋਰੇ ਨਾਜਾਇਜ਼ ਚੂਰਾ-ਪੋਸਤ ਤੇ 2,53,100 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਇਸ ਸੰਬੰਧੀ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮ ਨੇ ਚੈਕਿੰਗ ਦੌਰਾਨ ਪਾਇਆ ਕਿ ਪਿੰਡ ਭੁਲਾਰਾਈ ਚੌਕ ਕੋਲ ਇਕ ਟਰੱਕ ਨੰਬਰ ਜੇ. ਕੇ.-02, ਯੂ-1785 'ਚੋਂ ਇਕ ਵਿਅਕਤੀ ਬੋਰੀਆਂ ਲੈ ਕੇ 2 ਲੜਕਿਆਂ, ਜੋ ਇੰਡੀਗੋ ਕਾਰ ਨੰਬਰ ਪੀ. ਬੀ.-12, ਕਿਊ 6970 'ਚ ਸੀ, ਨੂੰ ਫੜਾ ਰਿਹਾ ਸੀ।ਇਸ ਤੋਂ ਬਾਅਦ ਚੱਲੀ ਪੁਲਸ ਜਾਂਚ 'ਚ ਪਾਇਆ ਕਿ ਉਕਤ ਬੋਰਿਆਂ 'ਚ ਨਾਜਾਇਜ਼ ਚੂਰਾ-ਪੋਸਤ ਦੀ ਖੇਪ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਰਮਨਜੀਤ ਸਿੰਘ ਪੁੱਤਰ ਸ਼ਿੰਦਰਪਾਲ ਨਿਵਾਸੀ ਪਿੰਡ ਕਰਿਆਮ, ਗੋਰਖ ਨਾਥ ਉਰਫ ਗੋਰਖਾ ਪੁੱਤਰ ਤਰਸੇਮ ਲਾਲ ਨਿਵਾਸੀ ਕਰਿਆਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੇ ਨਰਿੰਦਰ ਪੁੱਤਰ ਜੰਗ ਬਹਾਦੁਰ ਨਿਵਾਸੀ ਸਰਾਸਰ ਜੰਮੂ-ਕਸ਼ਮੀਰ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਨਸ਼ੇ ਦੇ ਕਾਰੋਬਾਰ ਵਿਚ ਫੜਿਆ ਗਿਆ ਦੋਸ਼ੀ ਰਮਨਜੀਤ ਸਿੰਘ ਪੇਸ਼ੇ ਤੋਂ ਅਧਿਆਪਕ ਹੈ ਜੋ ਕਾਂਟ੍ਰੈਕਟ ਬੇਸ 'ਤੇ ਕੰਮ ਕਰਦਾ ਹੈ। ਪੁਲਸ ਟੀਮ ਨੂੰ ਟਰੱਕ ਤੇ ਕਾਰ ਤੋਂ ਕੁਲ 25 ਬੋਰੀਆਂ ਨਾਜਾਇਜ਼ ਚੂਰਾ-ਪੋਸਤ ਬਰਾਮਦ ਹੋਈ ਹੈ। ਇਸ ਦੇ ਨਾਲ ਦੋਸ਼ੀਆਂ ਕੋਲੋਂ ਕੁਲ 1,53,100 ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ।ਦੋਸ਼ੀਆਂ ਵਿਰੁੱਧ ਪੁਲਸ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਉਕਤ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।