24 ਕਰੋੜ ਖਰਚੇ, ਫਿਰ ਵੀ 4 ਦਿਨਾਂ ਤੋਂ ਬਿਜਲੀ ਦੀ ਸਪਲਾਈ ਬੰਦ

08/12/2019 9:51:28 PM

ਫਿਰੋਜ਼ਪੁਰ (ਕੁਮਾਰ)-ਸ਼ਹਿਰ ਅਤੇ ਛਾਉਣੀ 'ਚ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਲਈ ਸਰਕਾਰ ਨੇ ਕਰੀਬ 24 ਕਰੋੜ ਰੁਪਏ ਖਰਚੇ ਕੀਤੇ ਹਨ ਅਤੇ ਪਾਵਰਕਾਮ ਮੰਤਰਾਲੇ ਦੇ ਚੀਫ ਇੰਜੀਨੀਅਰ ਦਾ ਦਾਅਵਾ ਸੀ ਕਿ ਹੁਣ ਫਿਰੋਜ਼ਪੁਰ ਵਿਚ ਬਿਜਲੀ ਸਪਲਾਈ 'ਚ ਕੋਈ ਤਕਨੀਕੀ ਖਰਾਬੀ ਨਹੀਂ ਆਵੇਗੀ ਪਰ ਹੋਇਆ ਸਭ ਕੁਝ ਇਸ ਦੇ ਉਲਟ ਕਿਉਂਕਿ ਥੋੜ੍ਹੀ ਜਿਹੀ ਤੇਜ਼ ਹਵਾ ਚੱਲਣ ਜਾਂ ਬਾਰਸ਼ ਆਉਣ ਨਾਲ ਫਿਰੋਜ਼ਪੁਰ ਵਿਚ ਬਿਜਲੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਫਿਰ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਫਿਰੋਜ਼ਪੁਰ ਸ਼ਹਿਰ ਦੇ ਸਬ-ਅਰਬਨ ਇਲਾਕੇ ਵਿਚ ਪਿਛਲੇ 4 ਦਿਨਾਂ ਤੋਂ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ ਅਤੇ ਪਹਿਲੇ ਦਿਨ ਫਿਰੋਜ਼ਪੁਰ ਸ਼ਹਿਰ ਦੀ ਬਿਜਲੀ ਸਪਲਾਈ ਅੱਧੀ ਰਾਤ ਨੂੰ ਕਰੀਬ ਡੇਢ ਵਜੇ ਬੰਦ ਹੋ ਗਈ ਅਤੇ ਸਵੇਰੇ ਕਰੀਬ 11 ਵਜੇ ਬਿਜਲੀ ਦੀ ਸਪਲਾਈ ਬਹਾਲ ਹੋਈ। ਰਾਤ ਭਰ ਬਲੈਕ ਆਊਟ ਰਹਿਣ ਅਤੇ ਪਾਣੀ ਦੀ ਸਪਲਾਈ ਵੀ ਬੰਦ ਹੋਣ ਕਾਰਣ ਅੱਤ ਦੀ ਗਰਮੀ ਵਿਚ ਲੋਕਾਂ ਵਿਚ ਹਾ-ਹਾਕਾਰ ਮਚੀ ਰਹੀ। ਜਦ ਲੋਕਾਂ ਨੇ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਫਿਰੋਜ਼ਪੁਰ ਸ਼ਹਿਰ ਵਿਚ ਅੰਡਰ ਗਰਾਊਂਡ ਪਾਈਆਂ ਗਈਆਂ 66 ਕੇ.ਵੀ. ਦੀਆਂ ਤਾਰਾਂ ਵਿਚ ਤਕਨੀਕੀ ਖਰਾਬੀ ਪੈ ਗਈ ਹੈ ਅਤੇ ਉਸ ਖਰਾਬੀ ਦਾ ਪਤਾ ਲਾਉਣ ਅਤੇ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਬਾਹਰੋਂ ਸਟਾਫ ਮੰਗਵਾਇਆ ਗਿਆ ਹੈ।

ਫਿਰੋਜ਼ਪੁਰ ਸ਼ਹਿਰ ਦੇ ਸਬ-ਅਰਬਨ ਇਲਾਕੇ ਵਿਚ ਪਿਛਲੇ ਕਰੀਬ 4 ਦਿਨਾਂ ਤੋਂ ਰਾਤ ਦੇ ਸਮੇਂ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਸਵੇਰੇ ਦੇ ਸਮੇਂ ਬਿਜਲੀ ਦੀ ਸਪਲਾਈ ਬਹਾਲ ਹੋ ਜਾਂਦੀ ਹੈ। ਪਾਵਰਕਾਮ ਦੇ ਅਜਿਹੇ ਰਵੱਈਏ ਅਤੇ ਕਾਰਗੁਜ਼ਾਰੀ ਨੂੰ ਦੇਖਦਿਆਂ ਸ਼ਹਿਰ ਦੇ ਲੋਕਾਂ ਵਿਚ ਪਾਵਰਕਾਮ ਦੀ ਅਫਸਰਸ਼ਾਹੀ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਸ਼ਹਿਰ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਵਪਾਰੀ ਜਨਿੰਦਰ ਗੋਇਲ ਨੇ ਦੋਸ਼ ਲਾਇਆ ਕਿ 24 ਕਰੋੜ ਰੁਪਏ ਠੀਕ ਤਰੀਕੇ ਨਾਲ ਖਰਚ ਨਹੀਂ ਕੀਤੇ ਗਏ ਅਤੇ ਜਿਨ੍ਹਾਂ ਇੰਜੀਨੀਅਰਾਂ ਨੇ ਕੰਮ ਕਰਵਾਇਆ ਹੈ ਅਤੇ ਜਿਸ ਕੰਪਨੀ ਨੇ ਫਿਰੋਜ਼ਪੁਰ ਵਿਚ ਬਿਜਲੀ ਸਿਸਟਮ ਦੀ ਅਪਗ੍ਰੇਡੇਸ਼ਨ ਦਾ ਜੋ ਕੰਮ ਕੀਤਾ ਹੈ, ਉਸ ਵਿਚ ਸਰਕਾਰੀ ਸਪੈਸੀਫਿਕੇਸ਼ਨ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਅਤੇ 24 ਕਰੋੜ ਦੇ ਕਰਵਾਏ ਗਏ ਕੰਮਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਤੀਸਰੇ ਦਿਨ ਫਿਰੋਜ਼ਪੁਰ ਸ਼ਹਿਰ ਦੇ ਸਬ-ਅਰਬਨ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਜਿਸ ਕਾਰਣ ਰੋਸ ਵਿਚ ਭਰੇ ਸ਼ਹਿਰ ਦੇ ਲੋਕ ਬਿਜਲੀ ਘਰ 'ਚ ਪਹੁੰਚ ਗਏ ਅਤੇ ਸ਼ਿਕਾਇਤ ਕੇਂਦਰ ਵਿਚ ਕੋਈ ਵੀ ਬਿਜਲੀ ਕਰਮਚਾਰੀ ਨਾ ਮਿਲਣ ਕਾਰਣ ਲੋਕਾਂ ਵਿਚ ਰੋਸ ਵਧ ਗਿਆ। ਲੋਕਾਂ ਨੇ ਕਿਹਾ ਕਿ ਨਾ ਉਨ੍ਹਾਂ ਨੂੰ ਬਿਜਲੀ ਬੰਦ ਹੋਣ ਦਾ ਕਾਰਣ ਦੱਸਿਆ ਜਾਂਦਾ ਹੈ ਅਤੇ ਨਾ ਹੀ ਬਿਜਲੀ ਦੇ ਆਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਰੋਸ ਵਿਚ ਭਰੇ ਲੋਕਾਂ ਨੇ ਕਿਹਾ ਕਿ ਕੋਈ ਵੀ ਬਿਜਲੀ ਅਧਿਕਾਰੀ ਉਨ੍ਹਾਂ ਦਾ ਫੋਨ ਨਹੀਂ ਚੁੱਕਦਾ।

ਇੰਨੇ ਵਿਚ ਲੋਕਾਂ ਨੂੰ ਫਿਰੋਜ਼ਪੁਰ ਸ਼ਹਿਰ ਸਬ-ਅਰਬਨ ਇਲਾਕੇ ਦਾ ਇਕ ਜੇ. ਈ. ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਲੋਕਾਂ ਦੀ ਭੀੜ ਨੇ ਰੋਕ ਲਿਆ ਅਤੇ ਗਰਮ ਲਹਿਜ਼ੇ 'ਚ ਉਸ ਨਾਲ ਗੱਲ ਕੀਤੀ। ਉਸ ਜੇ. ਈ. ਨੇ ਲੋਕਾਂ ਨੂੰ ਦੱਸਿਆ ਕਿ ਸ਼ਹਿਰ ਦੇ ਇਕ ਪੈਟਰੋਲ ਪੰਪ 'ਤੇ ਖੁਦਾਈ ਕੀਤੀ ਜਾ ਰਹੀ ਹੈ ਅਤੇ ਖੁਦਾਈ ਦੇ ਸਮੇਂ ਰਾਤ ਦੇਰ ਲੱਗੀ ਜੇ. ਸੀ. ਬੀ. ਨਾਲ ਅੰਡਰ ਗਰਾਊਂਡ ਪਾਈਆਂ ਗਈਆਂ 66 ਕੇ. ਵੀ. ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਣ ਵੱਖ-ਵੱਖ ਇਲਾਕਿਆਂ ਦੀ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਵੱਖ-ਵੱਖ ਬਿਜਲੀ ਦੇ ਗਰਿੱਡਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਕਾਰਣ ਲੋਡ ਵਧਣ 'ਤੇ ਬਿਜਲੀ ਡਿਮ ਹੋ ਜਾਂਦੀ ਹੈ ਅਤੇ ਫਿਰ ਉਸ ਨੂੰ ਬੰਦ ਕਰਨਾ ਪੈਂਦਾ ਹੈ। ਬਿਜਲੀ ਕਰਮਚਾਰੀਆਂ ਨੇ ਦੱਸਿਆ ਕਿ ਰੋਸ ਵਿਚ ਭਰੇ ਲੋਕਾਂ ਨੇ ਬਗਦਾਦੀ ਗੇਟ ਇਲਾਕੇ ਵਿਚ 500 ਕੇ. ਵੀ. ਅਤੇ ਮੋਰੀ ਗੇਟ ਦੇ ਸਾਹਮਣੇ ਲੱਗੇ 200 ਕੇ. ਵੀ. ਦੇ ਟਰਾਂਸਫਾਰਮਰਾਂ ਨੂੰ ਬੰਦ ਕਰ ਦਿੱਤਾ ਅਤੇ ਕਰਮਚਾਰੀਆਂ ਦੇ ਬਿਜਲੀ ਘਰਾਂ ਵਿਚ ਖੜ੍ਹੇ ਕੁਝ ਮੋਟਰਸਾਈਕਲਾਂ ਨੂੰ ਵੀ ਨੁਕਸਾਨ ਪਹੁੰਚਾਇਆ। ਲੋਕਾਂ ਨੇ ਦੱਸਿਆ ਕਿ ਪਾਵਰਕਾਮ ਫਿਰੋਜ਼ਪੁਰ ਦੀ ਅਫਸਰਸ਼ਾਹੀ ਦੇ ਰਵੱਈਏ ਨੂੰ ਲੈ ਕੇ ਉਨ੍ਹਾਂ ਵਿਚ ਰੋਸ ਵਧਦਾ ਜਾ ਰਿਹਾ ਹੈ ਅਤੇ ਬਿਜਲੀ ਬੰਦ ਹੋਣ ਕਾਰਣ ਰਾਤ ਭਰ ਬੱਚੇ ਅਤੇ ਪੂਰੇ ਪਰਿਵਾਰ ਸੌਂ ਨਹੀਂ ਸਕਦੇ ਅਤੇ ਦਿਨ ਦੇ ਸਮੇਂ ਲੋਕ ਕੰਮ ਨਹੀਂ ਕਰ ਸਕਦੇ ਅਤੇ ਪਾਣੀ ਦੀ ਸਪਲਾਈ ਬੰਦ ਰਹਿੰਦੀ ਹੈ।

Karan Kumar

This news is Content Editor Karan Kumar