2 ਕਰੋੜ ਰੁਪਏ ਦੀ ਧੋਖਾਦੇਹੀ ਦੇ ਦੋਸ਼ ''ਚ 22 ਨਾਮਜ਼ਦ

09/05/2019 1:10:46 AM

ਖੰਨਾ (ਜ.ਬ.)-ਸਿਟੀ ਥਾਣਾ-2 ਦੀ ਪੁਲਸ ਨੇ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਗਿੱਲ ਪੁੱਤਰ ਸਵ. ਕਰਮ ਸਿੰਘ ਗਿੱਲ ਵਾਸੀ ਖੰਨਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਨਿਰਮਲ ਸਿੰਘ, ਵਿਦੁਰ ਭਾਰਦਵਾਜ, ਰਵੀ ਭਾਰਗਵ, ਰਾਜੀਵ, ਰਾਕੇਸ਼ ਕੁਮਾਰ ਸਿੰਘ, ਆਨੰਦ ਰਾਮ, ਭੁਪਿੰਦਰ ਸਿੰਘ, ਸੁਜੀਤ ਕੁਮਾਰ, ਸਮਿਤਾ ਗੁਪਤਾ, ਅੰਕਿਤ ਅਗਰਵਾਲ, ਆਨੰਦ ਪ੍ਰਕਾਸ਼, ਵਿਨੇ ਕੁਮਾਰ ਮਿਸ਼ਰਾ, ਸਤੀਸ਼ ਕੁਮਾਰ ਤਿਵਾਰੀ, ਸਮੀਰ ਸਾਗਰ ਵਸ਼ਿਸ਼ਟ, ਡਾਇਰੈਕਟਰ ਥ੍ਰੀ. ਸੀ. ਯੂਨੀਵਰਸਲ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਥ੍ਰੀ. ਸੀ. ਇੰਫਰਾਟੈੱਕ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਵਾਊਲੇਵਾਲ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਅਕਾਰਨ ਸਲਿਊਸ਼ਨ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਥ੍ਰੀ. ਸੀ. ਸਿਟੀ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਅਲੋਫਟ ਇੰਫੋਟੈੱਕ ਪ੍ਰਾਈਵੇਟ ਲਿਮਟਿਡ, ਡਾਇਰੈਕਟਰ ਥ੍ਰੀ. ਸੀ. ਬਿਲਡਰਜ਼ ਪ੍ਰਾਈਵੇਟ ਲਿਮਟਿਡ ਅਤੇ ਡਾਇਰੈਕਟਰ ਦੇਵਿਕਾ ਪ੍ਰਮੋਟਰਸ ਅਤੇ ਬਿਲਡਰਸ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥ੍ਰੀ. ਸੀ. ਗਰੁੱਪ ਆਫ ਕੰਪਨੀਜ਼ ਨੂੰ ਤਿੰਨ ਪ੍ਰਮੋਟਰਾਂ ਨਿਰਮਲ ਸਿੰਘ, ਵਿਦੁਰ ਭਾਰਦਵਾਜ ਅਤੇ ਸੁਰਪ੍ਰੀਤ ਸਿੰਘ ਵਲੋਂ ਬਣਾਇਆ ਹੋਇਆ ਹੈ ਅਤੇ ਇਨ੍ਹਾਂ ਦੇ ਨੋਇਡਾ, ਯੂ. ਪੀ. , ਗੁਰੂਗਰਾਮ (ਹਰਿਆਣਾ) ਅਤੇ ਹੋਰ ਕਈ ਸਥਾਨਾਂ ਉੱਤੇ ਰਿਅਲ ਅਸਟੇਟ ਦੇ ਪ੍ਰਾਜੈਕਟ ਚਲਦੇ ਹਨ । ਨਿਰਮਲ ਸਿੰਘ ਅਤੇ ਉਸਦੇ ਸਾਥੀਆਂ ਨੇ ਪਿਛਲੇ ਸਾਲ ਖੰਨਾ ਆ ਕੇ ਸ਼ਿਕਾਇਤਕਰਤਾ ਵਲੋਂ ਮੁਲਾਕਾਤ ਕਰ ਕੇ ਆਪਣੇ ਕਾਫ਼ੀ ਪਲਾਟ ਅਤੇ ਪ੍ਰਾਜੈਕਟ ਫੰਡਾਂ ਦੀ ਕਮੀ ਕਰਕੇ ਰੁਕੇ ਹੋਏ ਦੱਸੇ । ਨਿਰਮਲ ਸਿੰਘ ਨੇ ਸ਼ਿਕਾਇਤਕਰਤਾ ਨੂੰ ਆਫਰ ਕੀਤਾ ਕਿ ਜੋ ਵੀ ਪਲਾਟ ਅਤੇ ਪ੍ਰਾਜੈਕਟ 'ਚ ਦਿਲਚਸਪੀ ਦਿਖਾਏਗਾ, ਉਨ੍ਹਾਂ ਦੇ ਸਬੰਧਤ ਥ੍ਰੀ. ਸੀ. ਗਰੁੱਪ ਦੀਆਂ ਕੰਪਨੀਆਂ ਦੇ ਨਾਲ ਉਸਦੇ ਲਿਖਤੀ ਇਕਰਾਰਨਾਮੇ ਕਰਵਾ ਦਿੱਤੇ ਜਾਣਗੇ । ਭਵਿੱਖ 'ਚ ਕੰਪਨੀਆਂ ਦੇ 100 ਫੀਸਦੀ ਈਕੂਇਟੀ ਸ਼ੇਅਰ ਸ਼ਿਕਾਇਤਕਰਤਾ ਦੇ ਨਾਮ 'ਤੇ ਟਰਾਂਸਫਰ ਕਰ ਕੇ ਇਨ੍ਹਾਂ ਦਾ ਸਾਰਾ ਮਾਲਿਕਾਨਾ ਹੱਕ ਸ਼ਿਕਾਇਤਕਰਤਾ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ। ਸ਼ਿਕਾਇਤਕਰਤਾ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਨਿਰਮਲ ਸਿੰਘ ਦੀ ਵਿੱਤੀ ਮੁਨਾਫੇ ਵਾਲੀ ਆਕਰਸ਼ਤ ਲੁਭਾਉਣੀ ਪੇਸ਼ਕਸ਼ 'ਤੇ ਵਿਸ਼ਵਾਸ ਕਰ ਕੇ ਉਨ੍ਹਾਂ ਦੀਆਂ 6 ਗਰੁੱਪ ਕੰਪਨੀਆਂ ਨਿਵੇਸ਼ ਲਈ ਚੁਣੀਆਂ । ਸ਼ਿਕਾਇਤਕਰਤਾ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਵਿਸ਼ਵਾਸ ਜਿੱਤਣ ਲਈ ਨਿਰਮਲ ਸਿੰਘ ਨੇ ਉਨ੍ਹਾਂ ਦੀ ਪਸੰਦ ਦੇ 2 ਆਦਮੀਆਂ ਅਮਰਜੀਤ ਸਿੰਘ ਅਤੇ ਦੀਪਕ ਖੁਰਾਣਾ ਨੂੰ ਜੁਲਾਈ 2018 'ਚ ਚਾਰਾਂ ਕੰਪਨੀਆਂ ਦੇ ਪਹਿਲੇ ਡਾਇਰੈਕਟਰਾਂ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ 'ਤੇ ਡਾਇਰੈਕਟਰ ਬਣਾ ਦਿੱਤਾ।

14 ਅਗਸਤ 2018 ਦੇ ਐਗਰੀਮੈਂਟ ਮੁਤਾਬਕ ਸ਼ਿਕਾਇਤਕਰਤਾ ਨੇ ਏਕਰੀਜ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਦੇ ਕੁੱਲ 10 ਹਜ਼ਾਰ ਈਕੁਇਟੀ ਸ਼ੇਅਰਾਂ 'ਚ 9999 ਸ਼ੇਅਰ ਖਰੀਦ ੇ ਇਨ੍ਹਾਂ ਦੀ 10 ਰੁਪਏ ਪ੍ਰਤੀ ਸ਼ੇਅਰ ਕੀਮਤ ਦੇ ਅਨੁਸਾਰ 99, 990 ਰੁਪਏ ਆਪਣੇ ਖੰਨਾ ਇੰਡਸਇੰਡ ਬੈਂਕ ਬਰਾਂਚ ਖੰਨਾ ਦੇ ਖਾਤੇ 'ਚੋਂ ਥ੍ਰੀ. ਸੀ. ਯੂਨੀਵਰਸਲ ਡਿਵੈੱਲਪਰਜ਼ ਪ੍ਰਾਈਵੇਟ ਲਿਮਟਿਡ ਨੂੰ ਭੁਗਤਾਨ ਕੀਤਾ । ਬਾਕੀ ਬਚੇ ਸ਼ੇਅਰਾਂ 'ਚੋਂ ਇਕ ਸ਼ੇਅਰ ਥ੍ਰੀ. ਸੀ. ਗਰੁੱਪ ਦੇ ਨੁਮਾਇੰਦੇ ਅਤੇ ਏਕਰੀਜ ਪ੍ਰਾਪਰਟੀਜ਼ ਲਿਮਟਿਡ ਦੇ ਡਾਇਰੈਕਟਰ ਦੀਪਕ ਖੁਰਾਣਾ ਦੇ ਨਾਮ ਟਰਾਂਸਫਰ ਕਰ ਦਿੱਤਾ। ਨਿਰਮਲ ਸਿੰਘ ਅਤੇ ਉਸਦੇ ਸਾਥੀ ਡਿਵੈੱਲਪਰਜ਼ ਨੇ ਤਿੰਨ ਕੰਪਨੀਆਂ ਵੋਟਿਵ ਪ੍ਰੋਪਬਿਲਡ ਪ੍ਰਾਈਵੇਟ ਲਿਮਟਿਡ, ਹਾਸੀ ਆਂਡਾ ਇਨਫੋਸੋਫਟੈੱਕ ਪ੍ਰਾਈਵੇਟ ਲਿਮਟਿਡ ਅਤੇ ਚੈਲਜਰਸ ਵੈੱਬ ਸਲਿਊਸ਼ਨ ਪ੍ਰਾਈਵੇਟ ਲਿਮਟਿਡ 'ਚ ਫੰਡ ਨਿਵੇਸ਼ ਕਰਾਉਣ ਲਈ ਸ਼ਿਕਾਇਤਕਰਤਾ ਰੁਪਿੰਦਰ ਸਿੰਘ ਰਾਜਾ ਗਿੱਲ ਦੁਆਰਾ ਕੀਤੇ ਜਾਣ ਵਾਲੇ 3 ਵੱਖਰਾ ਐਗਰੀਮੈਂਟ ਟੂ ਸੇਲ ਵੀ ਤਿਆਰ ਕਰਾਏ ਸਨ। ਤਿੰਨਾਂ ਕੰਪਨੀਆਂ ਦੇ ਬੈਂਕ ਆਫ ਇੰਡੀਆ ਫੇਸ-9 ਬ੍ਰਾਂਚ ਮੋਹਾਲੀ 'ਚ 3 ਵੱਖ-ਵੱਖ ਨਵੇਂ ਬੈਂਕ ਖਾਤੇ ਖੋਲ੍ਹਣ ਲਈ ਨਿਰਮਲ ਸਿੰਘ ਨੇ ਜ਼ੋਰ ਪਾ ਕੇ ਸਬੰਧਤ ਕਾਗਜ਼ਾਂ 'ਤੇ ਸ਼ਿਕਾਇਤਕਰਤਾ ਦੇ ਦਸਤਖਤ ਕਰਾ ਲਏ । ਇਨ੍ਹਾਂ ਤਿੰਨਾਂ ਕੰਪਨੀਆਂ ਦੀ ਮਲਕੀਅਤ ਦੇ 3 ਵੱਖ-ਵੱਖ ਪਲਾਟਾਂ ਦੀ ਕੀਮਤ ਦੇ ਲੱਗਭਗ 2 ਫੀਸਦੀ ਦੇ ਬਰਾਬਰ ਨਵੇਂ ਫੰਡ ਨਵੇਂ ਖਾਤਿਆਂ 'ਚ ਜਮ੍ਹਾ ਕਰਵਾਉਣ ਲਈ ਸ਼ਿਕਾਇਤਕਰਤਾ ਦੇ ਨਿੱਜੀ ਬੈਂਕ ਖਾਤੇ ਇੰਡਸਇੰਡ ਬੈਂਕ ਬਰਾਂਚ ਖੰਨਾ ਦੇ ਖਾਤੇ 'ਚੋਂ ਚੈੱਕ ਰਾਹੀਂ ਸ਼ਿਕਾਇਤਕਰਤਾ ਦੀ ਗੈਰ-ਹਾਜ਼ਰੀ 'ਚ ਉਸਦੇ ਸਾਥੀ ਡਾਇਰੈਕਟਰ ਅਮਰਜੀਤ ਸਿੰਘ ਅਤੇ ਦੀਪਕ ਖੁਰਾਣਾ ਨੂੰ ਮਜਬੂਰ ਕਰਕੇ ਇਨ੍ਹਾਂ ਕੰਪਨੀਆਂ ਦੇ ਨਵੇਂ ਬੈਂਕ ਖਾਤੇ ਬੈਂਕ ਆਫ ਇੰਡੀਆ ਫੇਸ-9 ਬ੍ਰਾਂਚ ਮੋਹਾਲੀ 'ਚ ਖੁਲ੍ਹਵਾਕੇ ਉਨ੍ਹਾਂ 'ਚ ਕਰੀਬ 2 ਕਰੋੜ ਫੰਡਾਂ ਦੀ ਰਕਮ ਜਮ੍ਹਾ ਕਰਵਾ ਲਈ । ਸ਼ਿਕਾਇਤਕਰਤਾ ਵਲੋਂ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਸ਼ਿਕਾਇਤ ਦਿੱਤੀ ਗਈ, ਜਿਸਦੀ ਜਾਂਚ ਐੱਸ. ਪੀ. (ਆਈ.) ਜਸਵੀਰ ਸਿੰਘ ਵਲੋਂ ਕੀਤੇ ਜਾਣ ਉਪਰੰਤ ਸਿਟੀ ਥਾਣਾ - 2 ਨੂੰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ।

ਮੇਰੇ ਧਿਆਨ 'ਚ ਨਹੀਂ ਹੈ ਮਾਮਲਾ : ਐੱਸ. ਐੱਚ. ਓ.
ਸਿਟੀ ਥਾਣਾ-2 ਦੇ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਅਜਿਹਾ ਕੋਈ ਮਸਲਾ ਹੀ ਨਹੀਂ ਹੈ । ਜੇਕਰ ਉਨ੍ਹਾਂ ਦੇ ਧਿਆਨ 'ਚ ਮਸਲਾ ਹੋਵੇਗਾ, ਉਦੋਂ ਉਹ ਜਾਣਕਾਰੀ ਦੇ ਸਕਦੇ ਹਨ।

Karan Kumar

This news is Content Editor Karan Kumar