ਜ਼ਿਲ੍ਹਾ ਫਾਜ਼ਿਲਕਾ ''ਚ ''ਕੋਰੋਨਾ'' ਦੇ 22 ਨਵੇਂ ਕੇਸਾਂ ਦੀ ਪੁਸ਼ਟੀ

07/28/2020 4:19:19 PM

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) : ਇਲਾਕੇ ਅੰਦਰ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਕੇਸਾਂ 'ਚ ਹੁਣ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਅੱਜ ਜ਼ਿਲ੍ਹਾ ਫਾਜ਼ਿਲਕਾ 'ਚ 22 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸਿਹਤ ਮਹਿਕਮੇ ਵਲੋਂ ਜਾਰੀ ਰਿਪੋਰਟ ਅਨੁਸਾਰ ਜਲਾਲਾਬਾਦ ਨਾਲ ਸਬੰਧਤ 8 ਕੇਸ ਨਵੇਂ ਸਾਹਮਣੇ ਆਏ ਹਨ। ਇਨ੍ਹਾਂ 'ਚ 5 ਕੇਸ ਥਾਣਾ ਸਿਟੀ ਜਲਾਲਾਬਾਦ ਦੇ ਕੁਆਰਟਰਾਂ ਨਾਲ ਸਬੰਧਤ ਹਨ, ਜਿਨ੍ਹਾਂ 'ਚ ਇਕ ਔਰਤ (33) ਅਤੇ ਦੋ ਬੱਚੇ (3 ਸਾਲ ਅਤੇ 7 ਸਾਲ) ਆਪਣੇ ਪਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਥੇ ਹੀ ਇਕ ਪੁਲਸ ਮੁਲਾਜ਼ਮ ਪਤੀ (25), ਪਤਨੀ (22) ਵੀ ਕੋਰੋਨਾ ਪਾਜ਼ਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਰਠੋੜਾਂ ਵਾਲਾ ਮੁਹੱਲੇ ਨਾਲ ਸਬੰਧਤ ਦੋ ਪੁਰਸ਼ (47 ਸਾਲ ਤੇ 43 ਸਾਲ) ਅਤੇ ਇਕ ਜੰਮੂ ਬਸਤੀ ਨਾਲ ਸਬੰਧਤ 50 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਫਾਜ਼ਿਲਕਾ ਦੇ ਸ਼ਹਿਰ ਅਤੇ ਪਿੰਡਾਂ ਨਾਲ ਸਬੰਧਤ 10 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਅਬੋਹਰ ਸ਼ਹਿਰ ਤੇ ਪਿੰਡਾਂ 'ਚ 4 ਲੋਕ ਕੋਰੋਨਾ ਪਾਜਟਿਵ ਪਾਏ ਗਏ ਹਨ, ਜਿਨ੍ਹਾਂ 'ਚ 2 ਬੀ. ਐੱਸ. ਐੱਫ. ਦੇ ਜਵਾਨ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਜ਼ਿਲ੍ਹਾ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਕੀਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਸਿਹਤ ਮਹਿਕਮੇ ਨੇ ਜਾਰੀ ਕੀਤੀ ਐਡਵਾਇਜ਼ਰੀ

ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ ਕੇਸ 254 ਹੋ ਗਏ ਹਨ। ਇਸ ਦੌਰਾਨ ਜ਼ਿਲ੍ਹੇ 'ਚ ਕੁੱਲ 110 ਕੇਸ ਐਕਟਿਵ ਹਨ ਅਤੇ 1 ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ 143 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਸਿਵਲ ਸਰਜਨ ਡਾ. ਕਟਾਰੀਆ ਨੇ ਆਮ ਲੋਕਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਹਲਕੇ 'ਚ ਨਾ ਲੈਣ ਅਤੇ ਸਿਹਤ ਮਹਿਕਮੇ ਵਲੋਂ ਬਣਾਏ ਗਏ ਨਿਯਮਾਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਮਾਜਕ ਦੂਰੀ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਨਿਯਮਾਂ ਦਾ ਪਾਲਣ ਕਰਵਾਉਣਾ ਸਿਰਫ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਸਗੋਂ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਵੀ ਹੈ। ਜਦੋਂ ਲੋਕ ਪੂਰੀ ਤਰ੍ਹਾਂ ਨਿਯਮਾਂ ਦਾ ਪਾਲਣ ਕਰਨਗੇ ਤਾਂ ਹੀ ਕੋਰੋਨਾ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਫਰਾਰ ਹੋਇਆ ਕੋਰੋਨਾ ਪੀੜਤ ਹਵਾਲਾਤੀ ਨੂੰ ਪੁਲਸ ਨੇ ਕੀਤਾ ਕਾਬੂ

ਜ਼ਿਲ੍ਹੇ 'ਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਸੈਂਪਲਿੰਗ : ਡੀ. ਸੀ.
ਫਾਜ਼ਿਲਕਾ ਜ਼ਿਲ੍ਹੇ 'ਚ ਕੋਵਿਡ 19 ਦੇ ਮਰੀਜ਼ਾਂ ਦਾ ਪਤਾ ਲਾਉਣ ਲਈ ਤੇਜ਼ੀ ਨਾਲ ਸੈਂਪਲਿੰਗ ਜਾਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ 'ਚ 14506 ਨਮੂਨੇ ਲਏ ਜਾ ਚੁੱਕੇ ਸਨ, ਜਦ ਕਿ ਸੋਮਵਾਰ ਨੂੰ ਵੀ ਖ਼ਬਰ ਲਿਖੇ ਜਾਣ ਤੱਕ ਸਿਵਲ ਹਸਪਤਾਲ ਫਾਜ਼ਿਲਕਾ ਦੀ ਟੀਮ ਨੇ 103 ਨਮੂਨੇ ਵਿਜੈ ਕਾਲੋਨੀ ਤੋਂ ਅਤੇ 117 ਨਮੂਨੇ ਸਿਵਲ ਹਸਪਤਾਲ ਦੇ ਫਲੂ ਕਾਰਨਰ ਵਿਖੇ ਲਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਹੋਣ ਤਾਂ ਉਹ ਤਰੰਤ ਸਿਹਤ ਮਹਿਕਮੇ ਦੇ ਹੈਲਪਲਾਈਨ ਨੰਬਰ 104 'ਤੇ ਕਾਲ ਕਰੇ ਜਾਂ ਆਪਣੇ ਨੇੜਲੇ ਸਰਕਾਰ ਹਸਪਤਾਲ ਨਾਲ ਸੰਪਰਕ ਕਰੇ, ਜਿੱਥੇ ਕੋਵਿਡ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਵਿਅਕਤੀ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਲਾਵੇ ਅਤੇ ਸਮਾਜਿਕ ਦੂਰੀ ਅਤੇ ਵਾਰ-ਵਾਰ ਹੱਥ ਧੋਣ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।


Anuradha

Content Editor

Related News