ਖੇਤਾਂ ''ਚ ਪਈ 210 ਕਿਲੋ ਚੂਰਾ-ਪੋਸਤ ਬਰਾਮਦ

08/03/2017 6:56:10 AM

ਕਪੂਰਥਲਾ, (ਭੂਸ਼ਣ)- ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਚ ਪੈਂਦੇ ਪਿੰਡ ਭਾਣੋਲੰਗਾ ਵਿਚ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਦੇ ਹੋਏ ਖੇਤਾਂ 'ਚ ਰੱਖੀ 210 ਕਿਲੋ ਚੂਰਾ-ਪੋਸਤ ਦੀ ਖੇਪ ਬਰਾਮਦ ਕੀਤੀ ਹੈ। ਬਰਾਮਦ ਖੇਪ ਦੇ ਮੱਧ ਪ੍ਰਦੇਸ਼ ਤੋਂ ਲਿਆਏ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਪੁਲਸ ਨੇ ਕਰੀਬ 5 ਲੱਖ ਰੁਪਏ ਮੁੱਲ ਦੀ ਇਸ ਵੱਡੀ ਡਰੱਗ ਬਰਾਮਦਗੀ ਨੂੰ ਲੈ ਕੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਜਾਣਕਾਰੀ ਅਨੁਸਾਰ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਭਾਣੋਲੰਗਾ ਦੇ ਇਕ ਖੇਤ ਵਿਚ ਭਾਰੀ ਮਾਤਰਾ ਵਿਚ ਚੂਰਾ-ਪੋਸਤ ਦੀ ਖੇਪ ਪਈ ਹੈ, ਜਿਸ 'ਤੇ ਜਦੋਂ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਖੇਤ ਦੀ ਤਲਾਸ਼ੀ ਲਈ ਤਾਂ ਉਥੋਂ 7 ਬੋਰੀਆਂ ਚੂਰਾ-ਪੋਸਤ ਦੀਆਂ ਬਰਾਮਦ ਕੀਤੀਆਂ। ਪੁਲਸ ਟੀਮ ਦਾ ਮੰਨਣਾ ਹੈ ਕਿ ਨਿਸ਼ਚਤ ਤੌਰ 'ਤੇ ਇਸ ਚੂਰਾ-ਪੋਸਤ ਨੂੰ ਰਾਤ ਦੇ ਸਮੇਂ ਇਸ ਖੇਤ ਵਿਚ ਰੱਖਿਆ ਗਿਆ ਸੀ ਤਾਂ ਕਿ ਇਸ ਨੂੰ ਕਿਸੇ ਖਾਸ ਗਾਹਕ ਨੂੰ ਵੇਚਿਆ ਜਾ ਸਕੇ ਪਰ ਪੁਲਸ ਛਾਪਾਮਾਰੀ ਦੇ ਡਰ ਨਾਲ ਮੁਲਜ਼ਮ ਮੌਕੇ ਤੋਂ ਭੱਜ ਨਿਕਲਿਆ।