ਨਾਬਾਲਗਾ ਨਾਲ ਗੈਂਗਰੇਪ ਦੇ ਮਾਮਲੇ ''ਚ 2 ਨੂੰ 20-20 ਸਾਲ ਦੀ ਕੈਦ

Friday, Jun 08, 2018 - 06:08 AM (IST)

ਚੰਡੀਗੜ੍ਹ, (ਸੰਦੀਪ)- ਨਾਬਾਲਗਾ ਨਾਲ ਗੈਂਗਰੇਪ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਪਿੰਡ ਫੈਦਾ ਦੇ ਰਹਿਣ ਵਾਲੇ ਗੰਗਾ ਤੇ ਯੂ. ਪੀ. ਨਿਵਾਸੀ ਸਲਮਾਨ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰ ਇਕ ਦੋਸ਼ੀ 'ਤੇ 1.58 ਲੱਖ ਦਾ ਜੁਰਮਾਨਾ ਵੀ ਲਾਇਆ ਸੀ। ਸਬੰਧਤ ਥਾਣਾ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਪਿਛਲੇ ਸਾਲ ਕੇਸ ਦਰਜ ਕੀਤਾ ਸੀ। 
ਪੁਲਸ ਵਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨਾਬਾਲਗਾ, ਜਿਸ ਨੂੰ ਸਲਮਾਨ ਕੁਝ ਮਹੀਨੇ ਪਹਿਲਾਂ ਤੋਂ ਜਾਣਦਾ ਸੀ, ਨੂੰ ਸ਼ਾਪਿੰਗ ਕਰਾਉਣ ਬਹਾਨੇ ਨਾਲ ਆਪਣੇ ਨਾਲ ਚੰਡੀਗੜ੍ਹ ਲੈ ਕੇ ਪਹੁੰਚਿਆ ਸੀ। ਇਥੇ ਸਲਮਾਨ ਨੇ ਉਸ ਨੂੰ ਸੈਕਟਰ-47 'ਚ ਆਪਣੇ ਕਮਰੇ 'ਚ ਆਪਣੇ ਨਾਲ ਰੱਖਿਆ ਸੀ। ਉਹ ਇਸ ਕਮਰੇ 'ਚ ਆਪਣੀ ਫੈਮਿਲੀ ਨਾਲ ਰਹਿੰਦਾ ਸੀ। ਇਸ ਤੋਂ ਬਾਅਦ ਸਲਮਾਨ ਨੇ ਪਹਿਲਾਂ ਤਾਂ ਖੁਦ ਨਾਬਾਲਗਾ ਨਾਲ ਜਬਰ-ਜ਼ਨਾਹ ਕੀਤਾ ਤੇ ਬਾਅਦ 'ਚ ਉਸਦੇ ਦੋਸਤ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ।
ਕਿਸੇ ਤਰ੍ਹਾਂ ਨਾਬਾਲਿਗਾ ਉਨ੍ਹਾਂ ਦੇ ਚੁੰਗਲ 'ਚੋਂ ਨਿਕਲ ਕੇ ਬਾਹਰ ਨਿਕਲ ਗਈ। ਇਸ 'ਤੇ ਸਲਮਾਨ ਤੇ ਉਸਦੇ ਦੋਸਤ ਨੇ ਉਸਦਾ ਪਿੱਛਾ ਕਰ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਵੇਖ ਕਿਸੇ ਵਿਅਕਤੀ ਨੇ ਇਸ ਗੱਲ ਦੀ ਸੂਚਨਾ ਚਾਲੀਡ ਹੈਲਪ ਲਾਈਨ 'ਤੇ ਦਿੱਤੀ। ਉਹ ਮਾਮਲਾ ਵਿਗੜਦਾ ਵੇਖ ਕੇ ਉਥੋਂ ਭੱਜ ਗਏ। ਹੈਲਪਲਾਈਨ ਦੀ ਟੀਮ ਨੇ ਨਾਬਾਲਗਾ ਦੀ ਕਾਊਂਸਲਿੰਗ ਕਰਨ ਤੋਂ ਬਾਅਦ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ।   


Related News