ਨਕਲੀ ਪਿਸਤੌਲ ਦਿਖਾ ਕੇ ਲੁੱਟ-ਖੋਹਾਂ ਤੇ ਚੋਰੀਆਂ ਕਰਨ ਵਾਲੇ 2 ਨੌਜਵਾਨ ਗ੍ਰਿਫ਼ਤਾਰ

08/10/2022 3:37:04 PM

ਗੁਰਦਾਸਪੁਰ/ਕਾਹਨੂੰਵਾਨ (ਵਿਨੋਦ/ਜ. ਬ) : ਨਕਲੀ (ਖਿਡੌਣਾ) ਪਿਸਤੌਲ ਦਿਖਾ ਕੇ ਲੁੱਟ-ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਥਾਣਾ ਕਾਹਨੂੰਵਾਨ ਦੀ ਪੁਲਸ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਵਾਰਦਾਤਾਂ ਸਮੇਂ ਵਰਤਿਆ ਮੋਟਰਸਾਈਕਲ, ਨਕਲੀ (ਖਿਡੌਣਾ) ਪਿਸਤੌਲ ਅਤੇ ਵਾਲੀਆਂ ਜੋ ਕਿ ਬੀਤੇ ਦਿਨ ਇਕ ਔਰਤ ਦੀਆਂ ਖੋਹੀਆਂ ਸਨ, ਵੀ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਵਿੰਦਰ ਸਿੰਘ ਤੇ ਏ. ਐੱਸ. ਆਈ ਮੇਜਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕਮਲੇਸ਼ ਕੁਮਾਰੀ ਪਤਨੀ ਸਵ. ਚੰਦਰ ਸ਼ੇਖਰ ਆਪਣੇ ਘਰ ਤੋਂ ਨਜ਼ਦੀਕ ਹੀ ਸਰਕਾਰੀ ਡਿਪੂ 'ਚੋਂ ਰਾਸ਼ਨ ਲੈਣ ਵਾਸਤੇ ਜਾ ਰਹੀ ਸੀ।

ਰਸਤੇ ਵਿਚ ਬਾਬਾ ਬਾਲਕ ਨਾਥ ਵਾਲੀ ਗਲੀ 'ਚੋਂ 2 ਨਕਾਬਪੋਸ਼ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਪਿਸਤੌਲ ਦੀ ਨੋਕ ’ਤੇ ਉਕਤ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਕਿਸੇ ਮੁਖਬਰ ਦੀ ਇਤਲਾਹ ’ਤੇ ਦੋਸ਼ੀ ਸੁਖਦੇਵ ਸਿੰਘ ਉਰਫ਼ ਜੋਤੀ ਪੁੱਤਰ ਅਮਰ ਸਿੰਘ ਵਾਸੀ ਵੀਲਾ ਤਲਵੰਡੀ ਥਾਣਾ ਘੁਮਾਣ ਹਾਲ ਵਾਸੀ ਪ੍ਰੇਮ ਨਗਰ ਬਟਾਲਾ ਅਤੇ ਸਾਬੀ ਮਸੀਹ ਪੁੱਤਰ ਬੂਟਾ ਮਸੀਹ ਵਾਸੀ ਬਿਜਮਾ ਥਾਣਾ ਕਿਲਾ ਲਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਤਾਂ ਇਨ੍ਹਾਂ ਨੇ ਮੰਨਿਆਂ ਕਿ ਬੀਤੇ ਦਿਨੀਂ ਜਿਸ ਔਰਤ ਦੀਆਂ ਵਾਲੀਆਂ ਖੋਹੀਆਂ ਸਨ, ਉਹ ਅਸੀਂ ਲੁੱਟ-ਖੋਹ ਨੂੰ ਅੰਜਾਮ ਦਿੱਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਤੋਂ ਲੁੱਟ-ਖੋਹ ’ਚ ਵਰਤਿਆ ਗਿਆ ਮੋਟਰਸਾਈਕਲ, ਨਕਲੀ ਖਿਡੌਣਾ ਪਿਸਤੌਲ ਅਤੇ ਉਕਤ ਔਰਤ ਦੀਆਂ ਖੋਹੀਆਂ ਵਾਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਵੀ ਪੁੱਛ-ਗਿਛ ਕੀਤੀ ਜਾ ਰਹੀ ਹੈ।
 

Babita

This news is Content Editor Babita