ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 2 ਨੌਜਵਾਨਾਂ ਦੀ ਮੌਤ

05/02/2023 6:15:47 PM

ਮਹਿਲ ਕਲਾਂ (ਗੁਰਸੇਵਕ ਸਿੰਘ ਸਹੋਤਾ) : ਨੇੜਲੇ ਪਿੰਡ ਠੀਕਰੀਵਾਲਾ ਵਿਖੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਨਾਲ ਦੋ ਮੋਟਰਸਾਈਕਲ ਚਾਲਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਏ. ਐੱਸ. ਆਈ. ਜੱਗਾ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ (24) ਪੁੱਤਰ ਮਲਕੀਤ ਸਿੰਘ ਵਾਸੀ ਰਣਜੀਤ ਨਗਰ ਖੁੱਡੀ ਰੋਡ, ਬਰਨਾਲਾ ਆਪਣੀ ਪਤਨੀ ਤੁਲਸਾ ਰਾਣੀ, ਕੁੜੀ ਹੁਸਨਪ੍ਰੀਤ ਕੌਰ (7) ਅਤੇ ਛੋਟੀ ਬੱਚੀ ਗੁਰਕੀਰਤ ਕੌਰ (2) ਨਾਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਰਨਾਲਾ ਤੋਂ ਪਿੰਡ ਸਹਿਜੜਾ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਰਾਤ 8 ਵਜੇ ਦੇ ਕਰੀਬ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਪਿੰਡ ਠੀਕਰੀਵਾਲਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਪਿੰਡ ਕਲਾਲਾ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਮਨਪ੍ਰੀਤ ਸਿੰਘ (25) ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਸਾਥੀ ਹਰਮਨਜੋਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਲਾਲਾ ਦੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। 

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਛੱਡਿਆ ਟਵਿੱਟਰ ਤੀਰ, ਕਈਆਂ ‘ਤੇ ਲਾਇਆ ਤਿੱਖਾ ਨਿਸ਼ਾਨਾ

ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਚਾਲਕਾਂ ਬਲਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਬਲਵਿੰਦਰ ਸਿੰਘ ਦੀ ਪਤਨੀ ਤੁਲਸਾ ਰਾਣੀ, ਬੱਚੀ ਹੁਸਨਪ੍ਰੀਤ ਕੌਰ ਅਤੇ ਗੁਰਕੀਰਤ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਜ਼ਖ਼ਮੀਆਂ ਦੀ ਗੰਭੀਰ ਹਾਲਤ ਦੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਦੇ ਹਸਪਤਾਲ ਰੈਫਰ ਦਿੱਤਾ ਜਦਕਿ ਹਰਮਨਜੋਤ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਬਰਨਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਦਰ ਥਾਣਾ ਬਰਨਾਲਾ ਪੁਲਸ ਵੱਲੋਂ ਮ੍ਰਿਤਕ ਬਲਵਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਵਾਸੀ ਬਰਨਾਲਾ ਅਤੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਹਰਬੰਸ ਸਿੰਘ ਵਾਸੀ ਕਲਾਲਾ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ’ਤੇ ਭਾਰੀ ਪੈ ਗਈ ਕਰਜ਼ੇ ਦੀ ਪੰਡ, ਅੰਤ ਮੁੰਡੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਨੋਟ-  ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto