ਮਾਮੇ ਦੇ ਵਿਆਹ 'ਚ ਪਏ ਵੈਣ, 2 ਸਾਲਾ ਭਾਣਜੇ ਦੀ ਵਾਸ਼ਿੰਗ ਮਸ਼ੀਨ 'ਚੋਂ ਮਿਲੀ ਲਾਸ਼ (ਵੀਡੀਓ)

12/18/2019 4:26:31 PM

ਕਪੂਰਥਲਾ (ਮਹਾਜਨ, ਓਬਰਾਏ)— ਪਿੰਡ ਖੁਖਰੈਣ 'ਚ ਆਪਣੇ ਮਾਮੇ ਦੇ ਵਿਆਹ 'ਤੇ ਆਏ ਇਕ 2 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਨੇੜਲੇ ਘਰ 'ਚੋਂ ਵਾਸ਼ਿੰਗ ਮਸ਼ੀਨ 'ਚੋਂ ਮਿਲੀ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਿੱਥੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭੇਜਿਆ, ਉਥੇ ਹੀ ਇਸ ਮਾਮਲੇ 'ਚ ਪੁੱਛÎਗਿੱਛ ਲਈ ਉਕਤ ਘਰ 'ਚ ਮੌਜੂਦ ਦੋ ਮਹਿਲਾਵਾਂ ਨੂੰ ਰਾਊਂਡਅਪ ਕੀਤਾ ਹੈ। ਪੀੜਤ ਪੱਖ ਵੱਲੋਂ ਪੁਲਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।

ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੇੜਲੇ ਪਿੰਡ ਖੁਖਰੈਣ 'ਚ ਆਪਣੇ ਮਾਮੇ ਦੇ ਵਿਆਹ 'ਚ ਆਇਆ ਇਕ 2 ਸਾਲ ਦਾ ਬੱਚਾ ਆਦੀ ਰਾਜ ਪੁੱਤਰ ਰਣਜੀਤ ਲਾਪਤਾ ਹੋ ਗਿਆ ਹੈ, ਜਿਸ ਦਾ ਕੋਈ ਸੁਰਾਗ ਨਹੀਂ ਹੈ। ਜਿਸ ਨੂੰ ਲੈ ਕੇ ਕੋਤਵਾਲੀ ਪੁਲਸ ਨੇ ਕਈ ਥਾਵਾਂ 'ਤੇ ਜਦੋਂ ਭਾਲ ਕੀਤੀ ਤਾਂ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰ ਇਸ ਦੌਰਾਨ ਕੋਤਵਾਲੀ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਬੱਚੇ ਦੀ ਲਾਸ਼ ਨੇੜਲੇ ਘਰੋਂ ਇਕ ਵਾਸ਼ਿੰਗ ਮਸ਼ੀਨ 'ਚੋਂ ਮਿਲੀ ਹੈ, ਜਿਸ 'ਤੇ ਜਦੋਂ ਡੀ. ਐੱਸ. ਪੀ. ਸਬ-ਡਿਵੀਜ਼ਨ ਹਰਿੰਦਰ ਸਿੰਘ ਗਿੱਲ ਅਤੇ ਐੱਸ. ਐੱਚ. ਓ. ਕੋਤਵਾਲੀ ਸਤਪਾਲ ਸਿੰਘ ਸਿੱਧੂ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਬੱਚੇ ਦੀ ਲਾਸ਼ ਵਾਸ਼ਿੰਗ ਮਸ਼ੀਨ 'ਚੋਂ ਬਰਾਮਦ ਕਰ ਲਈ।

ਮੌਕੇ 'ਤੇ ਮੌਜੂਦ ਮ੍ਰਿਤਕ ਬੱਚੇ ਦੀ ਮਾਤਾ ਸੁਨੀਤਾ ਰਾਣੀ ਪਤਨੀ ਰਣਜੀਤ ਸਿੰਘ ਨੇ ਪੁਲਸ ਟੀਮ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਬੱਚੇ ਨੂੰ ਘਰੋਂ ਖੇਡਣ ਲਈ ਨੇੜਲੇ ਘਰ ਦੇ ਬੱਚੇ ਆਪਣੇ ਨਾਲ ਲੈ ਗਏ ਸਨ ਅਤੇ ਉਸ ਤੋਂ ਬਾਅਦ ਉਸ ਦੇ ਬੱਚੇ ਦਾ ਕੋਈ ਅਤਾ ਪਤਾ ਨਹੀਂ ਲੱਗਿਆ। ਉਕਤ ਔਰਤ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਵਿਆਹ ਲਈ ਖੁਖਰੈਣ ਆਈ ਹੋਈ ਸੀ।

ਥਾਣਾ ਕੋਤਵਾਲੀ ਦੀ ਪੁਲਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਿੱਥੇ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ ਹੈ, ਉਥੇ ਹੀ ਆਖਰੀ ਸਮਾਚਾਰ ਮਿਲਣ ਤੱਕ ਕੋਤਵਾਲੀ ਪੁਲਸ ਨੇ ਇਸ ਮਾਮਲੇ 'ਚ ਦੋ ਮਹਿਲਾਵਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਪੂਰੇ ਮਾਮਲੇ 'ਚ ਕਈ ਸਨਸਨੀਖੇਜ਼ ਖੁਲਾਸੇ ਸਾਹਮਣੇ ਆ ਸਕਦੇ ਹਨ।

shivani attri

This news is Content Editor shivani attri