ਮੋਰਿੰਡਾ ਵਿਖੇ ਸੀਵਰੇਜ ਦੇ ਪਾਣੀ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

07/14/2022 12:45:13 PM

ਮੋਰਿੰਡਾ (ਧੀਮਾਨ)- ਮੋਰਿੰਡਾ ਦੇ ਵਾਰਡ ਨੰ. 7 ਵਿਚ ਇਕ 2 ਸਾਲਾ ਬੱਚੇ ਦੀ ਸੀਵਰੇਜ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਸ਼ਾ ਪਤਨੀ ਮਿਥੁਨ ਆਪਣੇ ਦੋ ਸਾਲ ਦੇ ਬੱਚੇ ਸ਼ਿਵਜੋਤ ਨਾਲ ਵਾਰਡ ਨੰ. 7 ਮੋਰਿੰਡਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਵਿਚ ਆਈ ਹੋਈ ਸੀ। ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਘਰ ਦੇ ਨਾਲ ਇਕੱਠੇ ਹੋਏ ਸੀਵਰੇਜ ਦੇ ਗੰਦੇ ਪਾਣੀ ਦੇ ਬਣੇ ਛੱਪੜ ਵਿਚ ਡਿੱਗ ਪਿਆ, ਜਿਸ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਛੱਪੜ ਵਿਚੋਂ ਕੱਢਿਆ ਅਤੇ ਨੇੜੇ ਹੀ ਸਰਕਾਰੀ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਅਹੁਦਾ ਸੰਭਾਲਦਿਆਂ ਹੀ ਐਕਸ਼ਨ 'ਚ IAS ਅਧਿਕਾਰੀ ਜਸਪ੍ਰੀਤ ਸਿੰਘ, ਦਿੱਤੇ ਇਹ ਨਿਰਦੇਸ਼

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੋਰਿੰਡਾ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ। ਪੁਲਸ ਵੱਲੋਂ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਮੌਕੇ ’ਤੇ ਪਹੁੰਚੇ ਵਾਰਡ ਨੰ. 15 ਦੇ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਅਤੇ ਵਾਰਡ ਨੰ. 7 ਦੇ ਆਗੂ ਸੁਰਜੀਤ ਕੁਮਾਰ ਨੇ ਕਿਹਾ ਕਿ ਇਥੇ ਲੰਬੇ ਸਮੇਂ ਤੋਂ ਸ਼ਹਿਰ ਦੇ ਸੀਵਰੇਜ ਦਾ ਪਾਣੀ ਇਕੱਠਾ ਹੋ ਰਿਹਾ ਹੈ, ਜਿਸ ਨੇ ਟੋਭੇ ਦਾ ਰੂਪ ਧਾਰਨ ਕੀਤਾ ਹੋਇਆ ਹੈ। ਉਹ ਅਤੇ ਆਸਪਾਸ ਦੇ ਮੁਹੱਲਾ ਵਾਸੀ ਅਨੇਕਾਂ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਫਰਿਆਦ ਕਰ ਚੁੱਕੇ ਹਨ ਪਰ ਨਗਰ ਕੌਂਸਲ ਵਲੋਂ ਇਸ ਗੰਦੇ ਪਾਣੀ ਦਾ ਗੰਭੀਰਤਾ ਨਾਲ ਕੋਈ ਹੱਲ ਨਹੀਂ ਕੀਤਾ ਗਿਆ।

ਉਨ੍ਹਾਂ ਮੰਗ ਕੀਤੀ ਕਿ ਇਥੇ ਸ਼ਹਿਰ ਦੇ ਆ ਰਹੇ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ। ਉੱਧਰ ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਉਸ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 'ਚੇਅਰਮੈਨ' ਬਣਾਏ ਜਾਣ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਰਾਘਵ ਚੱਢਾ, ਹੱਕ ’ਚ ਉਤਰੇ ਪੰਜਾਬ ਦੇ ਮੰਤਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri