ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ''ਚ 2 ਔਰਤਾਂ ਸਮੇਤ 3 ਕਾਬੂ

06/07/2017 2:21:37 AM

ਬਾਲਿਆਂਵਾਲੀ(ਸ਼ੇਖਰ)-ਥਾਣਾ ਬਾਲਿਆਂਵਾਲੀ ਦੀ ਪੁਲਸ ਵੱਲੋਂ ਕਿਸੇ ਹੋਰ ਵਿਅਕਤੀ ਦੀ ਥਾਂ 'ਤੇ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ 'ਚ 2 ਔਰਤਾਂ ਤੇ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੇਸ ਦੇ ਤਫਤੀਸ਼ੀ ਅਫਸਰ ਬਿੱਕਰ ਸਿੰਘ ਐੱਸ. ਆਈ. ਨੇ ਦੱਸਿਆ ਕਿ ਗੁਰਦੇਵ ਸਿੰਘ ਵਾਸੀ ਦੌਲਤਪੁਰਾ ਨੇ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਜਾਅਲੀ ਰਜਿਸਟਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਗੁਰਦੇਵ ਸਿੰਘ ਨੇ ਦੱਸਿਆ ਸੀ ਕਿ ਕਰਤਾਰ ਕੌਰ ਵਾਸੀ ਬਾਲਿਆਂਵਾਲੀ ਦੀ ਜ਼ਮੀਨ 'ਤੇ ਕਿਸੇ ਹੋਰ ਵਿਅਕਤੀਆਂ ਨੇ ਜਾਅਲੀ ਕਰਤਾਰ ਕੌਰ ਖੜ੍ਹੀ ਕਰ ਕੇ ਰਜਿਸਟਰੀ ਕਰਵਾ ਲਈ, ਜਿਸ 'ਤੇ ਡੀ. ਐੱਸ. ਪੀ. ਮੌੜ ਵੱਲੋਂ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕਰ ਕੇ ਮਾਮਲੇ ਦੀ ਪੂਰੀ ਤਫਤੀਸ਼ ਕਰਨ ਦੇ ਹੁਕਮ ਦਿੱਤੇ ਸਨ। ਤਫਤੀਸ਼ੀ ਅਫਸਰ ਬਿੱਕਰ ਸਿੰਘ ਨੇ ਦੱਸਿਆ ਕਿ ਤਫਤੀਸ਼ ਕਰ ਕੇ ਘਪਲਾ ਕਰਨ ਵਾਲੇ ਕੁੱਲ 7 ਵਿਅਕਤੀਆਂ ਖਿਲਾਫ ਥਾਣਾ ਬਾਲਿਆਂਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਾਅਲੀ ਕਰਤਾਰ ਕੌਰ ਬਣੀ ਈਦੋ ਬਾਈ ਨੂੰ ਉਸ ਦੇ ਪਿੰਡ ਬੀਹਲਾ ਤੇ ਰਾਜੂ ਸਿੰਘ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਉਨ੍ਹਾਂ ਦੇ ਪਿੰਡ ਸ਼ਹਿਣਾ ਜ਼ਿਲਾ ਬਰਨਾਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਮਾਮਲੇ 'ਚ 1 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਬਾਕੀ ਰਹਿੰਦੇ 3 ਵਿਅਕਤੀਆਂ ਦੀ ਤਲਾਸ਼ ਜਾਰੀ ਹੈ।


Related News