ਫਿਰੋਜ਼ਪੁਰ ਤੋਂ ਬਾਅਦ ਕਪੂਰਥਲੇ ''ਚ ਰੇਡ, 2 ਸ਼ੱਕੀ ਅੱਤਵਾਦੀ ਲਏ ਗਏ ਹਿਰਾਸਤ ''ਚ, ਹੋ ਸਕਦੇ ਹਨ ਕਈ ਵੱਡੇ ਖੁਲਾਸੇ

07/13/2017 7:20:31 PM

ਕਪੂਰਥਲਾ— ਪੁਲਸ ਵੱਲੋਂ ਦੋ ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਗੁਰਪ੍ਰੀਤ ਸਿੰਘ ਗੋਪੀ ਨਾਂ ਦੇ ਵਿਅਕਤੀ ਨੂੰ ਮੰਗਲਵਾਰ ਦੀ ਤੜਕੇ ਫਿਰੋਜ਼ਪੁਰ 'ਚ ਕੀਤੀ ਗਈ ਰੇਡ 'ਚ ਫੜਿਆ ਗਿਆ ਸੀ। ਪੁਲਸ ਗੈਂਗਸਟਰ ਅਮਨਾ ਖੰਨੀ ਨੂੰ ਫੜਨ ਗਈ ਸੀ ਉਹ ਭੱਜ ਗਿਆ ਅਤੇ ਗੋਪੀ ਹੱਥੇ ਚੜ੍ਹ ਗਿਆ। ਦੂਜੇ ਸ਼ੱਕੀ ਅੱਤਵਾਦੀ ਅਵਤਾਰ ਸਿੰਘ ਨੂੰ ਬੁੱਧਵਾਰ ਕਪੂਰਥਲੇ 'ਚੋਂ ਫੜਿਆ ਗਿਆ। ਇਹ ਅੱਤਵਾਦੀ ਪਿੰਡ ਭਾਣੋਲੰਗਾ 'ਚ ਲੁਕ ਕੇ ਰਹਿ ਰਿਹਾ ਸੀ। ਇਸ ਨੂੰ ਦਬੋਚਨ ਲਈ 3 ਜ਼ਿਲੇ ਕਪੂਰਥਲਾ, ਨਵਾਂਸ਼ਹਿਰ ਅਤੇ ਫਿਰੋਜ਼ਪੁਰ ਪੁਲਸ ਨੇ ਜੁਆਇੰਟ ਆਪਰੇਸ਼ਨ ਚਲਾਇਆ। ਇਸ ਦੇ ਕਬਜ਼ੇ 'ਚੋਂ 315 ਬੋਰ ਦੀ ਪਿਸਤੌਲ ਬਰਾਮਦ ਕੀਤੀ ਗਈ ਹੈ। ਦੋਹਾਂ 'ਤੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਅਤੇ ਬਾਬਾ ਲੱਖਾ ਸਿੰਘ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਕਰਕੇ ਪੁਲਸ ਨੂੰ ਇਨ੍ਹਾਂ ਦੋਹਾਂ ਤੋਂ ਕਈ ਵੱਡੇ ਖਾਲਸੇ ਹੋਣ ਦੀ ਉਮੀਦ ਹੈ। ਡੇਰਾ ਪ੍ਰੇਮੀ ਗੁਰਦੇਵ ਸਿੰਘ 1 ਜੂਨ 2015 ਨੂੰ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ 'ਚ ਸੀ. ਬੀ. ਆਈ. ਦਾ ਗਵਾਹ ਸੀ। 13 ਜੂਨ 2016 ਨੂੰ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਾਬਾ ਲੱਖਾ ਦਾ 23 ਨਵੰਬਰ 2016 ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਕਤਲ ਹੋਇਆ ਸੀ। ਫਰਾਰ ਚੱਲ ਰਹੇ ਗੈਂਗਸਟਰ ਅਮਨਾ ਖੰਨੀ 'ਤੇ ਵੀ ਇਨ੍ਹਾਂ ਕਤਲਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। 
ਜ਼ਿਕਰਯੋਗ ਹੈ ਕਿ ਬੁੱਧਵਾਰ ਦੀ ਸਵੇਰ ਨੂੰ ਫਿਰੋਜ਼ਪੁਰ ਪੁਲਸ ਨੇ ਫਰੀਦਕੋਟ ਦੇ ਬੁਰਜ ਜਵਾਹਰ ਲਾਲ ਸਿੰਘ ਵਾਲਾ ਤੋਂ ਇਕ ਵ੍ਹਾਈਟ ਰੰਗ ਦੀ ਕਾਰ ਬਰਾਮਦ ਕੀਤੀ। ਇਹ ਗੱਡੀ ਗੈਂਗਸਟਰ ਅਮਨਾ ਖੰਨੀ ਦੇ ਨਾਂ 'ਤੇ ਰਜਿਸਟਰਡ ਹੈ ਅਤੇ ਉਹ ਗੋਪੀ ਦਾ ਨਜ਼ਦੀਕੀ ਸਾਥੀ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਲੋਕ ਕੁਝ ਲੋਕਾਂ 'ਤੇ ਹਮਲਾ ਕਰਨਾ ਚਾਹੁੰਦੇ ਸਨ ਤਾਂਕਿ ਭਾਈਚਾਰੇ ਦੇ ਨਾਂ 'ਤੇ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ। 
ਪੁਲਸ ਸੂਤਰਾਂ ਮੁਤਾਬਕ ਕਪੂਰਥਲਾ ਤੋਂ ਫੜੇ ਗਏ ਸ਼ੱਕੀ ਅੱਤਵਾਦੀ ਅਵਤਾਰ ਸਿੰਘ ਦੇ ਬਾਰੇ ਵੀਰਵਾਰ ਨੂੰ ਵੱਡਾ ਖੁਲਾਸਾ ਕਰ ਸਕਦੀ ਹੈ। ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਅਵਤਾਰ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੱਤਵਾਦੀ ਜਥੇਬੰਦੀਆਂ ਦਾ ਸਰਗਰਮ ਮੈਂਬਰ ਤਾਂ ਹੈ ਹੀ ਪਰ ਉਸ 'ਤੇ ਕਿਸੇ ਵੱਡੇ ਗੈਂਗ ਦਾ ਵੀ ਨਾਂ ਹੋਣ ਦਾ ਸ਼ੱਕ ਹੈ। 

ਕੀ ਹੈ ਬੇਅਦਬੀ ਮਾਮਲਾ
1 ਜੂਨ 2015 ਨੂੰ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਪਵਿੱਤਰ ਬੀੜ ਚੋਰੀ ਹੋ ਗਈ ਸੀ। ਕੁਝ ਦਿਨ ਬਾਅਦ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਅੰਗ ਪਾੜ ਕੇ ਸੁੱਟ ਦਿੱਤੇ ਗਏ ਸਨ। ਇਸ ਮਾਮਲੇ 'ਚ ਜਦੋਂ ਪੁਲਸ ਕੁਝ ਨਾ ਕਰ ਸਕੀ ਤਾਂ ਮਾਮਲਾ ਸੀ. ਬੀ. ਆਈ. ਨੂੰ ਸੌਂਪਿਆ ਗਿਆ ਸੀ। ਜਾਂਚ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਦੁਕਾਨ ਮਾਲਕ ਕੋਲੋਂ ਪੁੱਛਗਿੱਛ ਕੀਤੀ ਗਈ। ਦੁਕਾਨ ਮਾਲਕ ਗੁਰਦੇਵ ਸਿੰਘ ਡੇਰਾ ਪ੍ਰੇਮੀ ਸੀ ਅਤੇ ਸੀ. ਬੀ. ਆਈ. ਦੀ ਜਾਂਚ 'ਚ ਵੀ ਸ਼ਾਮਲ ਹੋਇਆ ਸੀ। 13 ਜੂਨ 2016 ਨੂੰ ਸਵੇਰੇ ਕਰੀਬ 5 ਵਜੇ ਜਦੋਂ ਗੁਰਦੇਵ ਸਿੰਘ ਦੁਕਾਨ ਦਾ ਸ਼ਟਰ ਚੁੱਕਣ ਲੱਗਾ ਤਾਂ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਦਿੱਤੀਆਂ।