7.5 ਕਰੋੜ ਦੀ ਹੈਰੋਇਨ ਤੇ ਸਮੈਕ ਸਮੇਤ 2 ਸਮੱਗਲਰ ਗ੍ਰਿਫਤਾਰ

05/05/2020 10:26:24 PM

ਲੁਧਿਆਣਾ, (ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਦੋ ਨਸ਼ਾ ਸਮੱਗਲਰਾਂ ਨੂੰ ਸਾਢੇ 7 ਕਰੋੜ ਦਾ ਨਸ਼ਾ ਅਤੇ ਸਾਢੇ 17 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਅੱਜ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ. ਆਈ. ਗੁਰਚਰਨ ਸਿੰਘ ਦੀ ਪੁਲਸ ਪਾਰਟੀ ਜੱਸੀਆਂ ਰੋਡ ’ਤੇ ਮੌਜੂਦ ਸੀ ਤਾਂ ਉਸੇ ਸਮੇਂ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਦੋ ਨਸ਼ਾ ਸਮੱਗਲਰ ਕ੍ਰੇਟਾ ਕਾਰ ਵਿਚ ਸਵਾਰ ਹੋ ਕੇ ਨਸ਼ੇ ਦੀ ਵੱਡੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾਣ ਵਾਲੇ ਹਨ, ਜਿਸ ’ਤੇ ਐੱਸ. ਟੀ. ਐੱਫ. ਨੇ ਸਖਤ ਕਾਰਵਾਈ ਕਰਦਿਆਂ ਮੁਹੱਲਾ ਸਿਮਰਨ ਐਨਕਲੇਵ ਚੂਹੜਪੁਰ ਰੋਡ ਤੋਂ ਇਕ ਕ੍ਰੇਟਾ ਕਾਰ ਨੂੰ ਦੋ ਵਿਅਕਤੀਆਂ ਸਮੇਤ ਕਾਬੂ ਕੀਤਾ। ਮੌਕੇ ’ਤੇ ਡੀ. ਐੱਸ. ਪੀ. ਪਵਨਦੀਪ ਚੌਧਰੀ ਨੂੰ ਬੁਲਾ ਕੇ ਕ੍ਰੇਟਾ ਕਾਰ ਦੀ ਲਈ ਤਲਾਸ਼ੀ ਦੌਰਾਨ ਕਾਰ ਵਿਚੋਂ 1 ਕਿਲੋ 30 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਦੋਵਾਂ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਅਮਿਤ ਸ਼ਰਮਾ ਕਾਲਾ (37) ਪੁੱਤਰ ਸੁਰਿੰਦਰ ਕੁਮਾਰ ਵਾਸੀ ਰਿਸ਼ੀ ਨਗਰ, ਹੈਬੋਵਾਲ ਖੁਰਦ ਹਾਲ ਵਾਸੀ ਸਿਮਰਨ ਐਨਕਲੇਵ ਚੂਹੜਪੁਰ ਰੋਡ ਅਤੇ ਰਾਜਨ ਕੁਮਾਰ (36) ਪੁੱਤਰ ਤਿਲਕ ਰਾਜ ਕਿਰਾਏਦਾਰ ਮੁਹੱਲਾ ਕੁੰਜ ਵਿਹਾਰ, ਜੱਸੀਆਂ ਰੋਡ, ਹੈਬੋਵਾਲ ਵਜੋਂ ਕੀਤੀ ਗਈ, ਜਿਨ੍ਹਾਂ ਖਿਲਾਫ ਥਾਣਾ ਐੱਸ. ਟੀ. ਐੱਫ. ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਮੁਜ਼ਰਮਾਂ ਦੀ ਨਿਸ਼ਾਨਦੇਹੀ ’ਤੇ ਅਮਿਤ ਸ਼ਰਮਾ ਦੇ ਘਰ ਦੀ ਤਲਾਸ਼ੀ ਦੌਰਾਨ ਸਿਮਰਨ ਐਨਕਲੇਵ ਵਿਚ ਅਲਮਾਰੀ ’ਚੋਂ 150 ਗ੍ਰਾਮ ਸਮੈਕ ਅਤੇ 6 ਲੱਖ 60 ਹਜ਼ਾਰ ਦੀ ਡਰੱਗਸ ਮਨੀ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਰਾਜਨ ਕੁਮਾਰ ਦੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀ ਤੋਂ ਕੁੰਜ ਵਿਹਾਰ, ਜੱਸੀਆਂ ਤੋਂ 320 ਗ੍ਰਾਮ ਹੈਰੋਇਨ ਅਤੇ 10 ਲੱਖ 90 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁ਼ਜ਼ਰਮ ਅਮਿਤ ਸ਼ਰਮਾ ਨੇ ਦੱਸਿਆ ਕਿ ਇਹ ਨਸ਼ੇ ਦੀ ਖੇਪ ਉਸ ਦੀ ਪਤਨੀ ਕਿਰਨ ਬਾਲਾ ਉਰਫ ਮੰਨਾ ਸਸਤੇ ਰੇਟ ਵਿਚ ਖਰੀਦ ਕੇ ਲਿਆਈ ਹੈ, ਜਿਸ ਤੋਂ ਬਾਅਦ ਮਿਲ ਕੇ ਆਪਣੇ ਗਾਹਕਾਂ ਨੂੰ ਮਹਿੰਗੇ ਰੇਟਾਂ ਵਿਚ ਵੇਚਦੇ ਹਨ। ਪੁਲਸ ਨੇ ਮੁਜ਼ਰਮ ਔਰਤ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ ਹੈ ਜੇ ਅਜੇ ਫਰਾਰ ਹੈ।

ਮੁਜ਼ਰਮਾਂ ’ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਕਈ ਪਰਚੇ ਦਰਜ

ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ’ਤੇ ਪਹਿਲਾਂ ਵੀ ਕਈ ਨਸ਼ਾ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ। ਮੁਜ਼ਰਮ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ। ਮੁਜ਼ਰਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਦੌਰਾਨ ਨਸ਼ਾ ਸਮੱਗਲਰਾਂ ਦੇ ਸਾਥੀਆਂ ਅਤੇ ਗਾਹਕਾਂ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ।

Bharat Thapa

This news is Content Editor Bharat Thapa