ਨਸ਼ੀਲੇ ਪਦਾਰਥਾਂ ਸਣੇ 2 ਸਮੱਗਲਰ ਗ੍ਰਿਫਤਾਰ

11/08/2017 3:06:23 AM

ਸੁਲਤਾਨਪੁਰ ਲੋਧੀ,   (ਧੀਰ)-  ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਵਲੋਂ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ ਖਿਲਾਫ ਵਿੱਢੀ ਹੋਈ ਮੁਹਿੰਮ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਦੇ ਦਿੱਤੇ ਸਖਤ ਨਿਰਦੇਸ਼ਾਂ ਹੇਠ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ 2 ਨਸ਼ਿਆਂ ਦੇ ਸਮੱਗਲਰਾਂ ਨੂੰ ਨਸ਼ਿਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਮੁੱਖ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲ, ਐੱਚ. ਸੀ. ਲਹਿੰਬਰ ਸਿੰਘ, ਕਾਂਸਟੇਬਲ ਅਮਨਦੀਪ ਸਿੰਘ ਤੇ ਪੀ. ਐੱਚ. ਜੀ. ਜਗਤਾਰ ਸਿੰਘ ਦੇ ਨਾਲ ਪਿੰਡ ਅਹਿਮਦਪੁਰ ਛੰਨਾ ਤੋਂ ਲਾਟੀਆਂਵਾਲ ਨੂੰ ਕੱਚੇ ਰਸਤੇ 'ਤੇ ਗਸ਼ਤ ਨੂੰ ਜਾ ਰਹੇ ਸਨ, ਤਾਂ ਪਿੰਡ ਲਾਟੀਆਂਵਾਲ ਮੋੜ 'ਤੇ ਇਕ ਨੌਜਵਾਨ ਨੂੰ ਪੈਦਲ ਆਉਂਦਾ ਵੇਖ ਰੋਕ ਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਲੱਖਾ ਪੁੱਤਰ ਅਮਰਜੀਤ ਸਿੰਘ ਵਾਸੀ ਸ਼ਹਿਰੀਆਂ ਮੁਹੱਲਾ ਕਪੂਰਥਲਾ ਦੱਸਿਆ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ।
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਹਰਜੀਤ ਸਿੰਘ ਨੇ ਹੀ ਪੁਲਸ ਪਾਰਟੀ ਦੇ ਨਾਲ ਗਸ਼ਤ ਕਰਦੇ ਸਮੇਂ ਇਕ ਨੌਜਵਾਨ ਨੂੰ ਪਿੰਡ ਡਡਵਿੰਡੀ ਤੋਂ ਮੈਰੀਪੁਰ ਜਾ ਰਹੇ ਰਸਤੇ 'ਤੇ ਸ਼ੱਕ ਪੈਣ 'ਤੇ ਰੋਕਿਆ, ਜਿਸ ਨੇ ਆਪਣਾ ਨਾਮ ਦੇਵਾ ਉਰਫ ਗੱਗੂ ਪੁੱਤਰ ਕਾਲਾ ਵਾਸੀ ਮਹਿਤਾ ਦਾ ਮੁਹੱਲਾ ਗਲੀ ਨੰ. 2 ਲੋਹੀਆਂ ਜ਼ਿਲਾ ਜਲੰਧਰ ਦੱਸਿਆ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਥਾਣਾ ਪ੍ਰਮੁੱਖ ਨੇ ਦੱਸਿਆ ਕਿ ਉਕਤ ਦੋਵੇਂ ਹੀ ਮਾਮਲਿਆਂ 'ਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ।