ਦੁਕਾਨਾਂ ''ਤੇ ਚੋਰੀ ਕਰਨ ਵਾਲੇ 2 ਦੋਸ਼ੀ ਗ੍ਰਿਫਤਾਰ, ਕਬੂਲ ਕੀਤੀਅਾਂ ਕਈ ਹੋਰ ਚੋਰੀਅਾਂ

08/23/2020 7:10:24 PM

ਨਵਾਂਸ਼ਹਿਰ(ਤ੍ਰਿਪਾਠੀ) - ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਰੈਡੀਮੇਡ ਦੁਕਾਨ ਸਣੇ 3 ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਨਕਦੀ ਸਣੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਗ੍ਰਿਫਤਾਰ ਦੋਸ਼ੀਆਂ ਨੇ 2 ਹੋਰ ਸਾਥੀਆਂ ਦੇ ਵੀ ਚੋਰੀ 'ਚ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਹਰਨੀਲ ਸਿੰਘ ਨੇ ਦੱਸਿਆ ਕਿ ਬੀਤੀ 17-18 ਅਗਸਤ ਦੀ ਅੱਧੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਆਰ.ਕੇ.ਗਾਰਮੈਂਟਸ ਦੀ ਦੁਕਾਨ ਤੋਂ 1 ਲੱਖ ਰੁਪਏ ਦੇ ਕੱਪੜੇ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ।

ਉਪਰੋਕਤ ਚੋਰੀ ਦੀ ਵਾਰਦਾਤ ਨੂੰ ਹੱਲ ਕਰਨ ਲਈ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ਪਰਮਿੰਦਰ ਸਿੰਘ ਨੇ ਤੇਜ਼ੀ ਨਾਲ ਯਤਨ ਸ਼ੁਰੂ ਕਰ ਦਿੱਤੇ, ਜਿਸ 'ਚ ਉਨ੍ਹਾਂ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਏ.ਐੱਸ.ਆਈ. ਸੁਖਦੇਵ ਸਿੰਘ ਦੀ ਪੁਲਸ ਪਾਰਟੀ ਨੇ 2 ਨੌਜਵਾਨਾਂ ਜਿਨ੍ਹਾਂ ਦੀ ਪਛਾਣ ਅਜੈ ਕੁਮਾਰ ਉਰਫ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਫਗਵਾੜਾ ਅਤੇ ਲਵਲੀ ਕੁਮਾਰ ਉਰਫ ਪੱਪੀ ਪੁੱਤਰ ਭੱਜਨ ਲਾਲ ਵਾਸੀ ਬਹਿਰਾਮ ਨੂੰ ਕਾਬੂ ਕਰਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ । 

ਇਹ ਵੀ ਪੜ੍ਹੋ: ਫਿਰੋਜ਼ਪੁਰ : ਕੋਰੋਨਾ ਕਾਰਨ ਬੈਂਕ ਕਾਮੇ ਸਮੇਤ ਦੋ ਦੀ ਹੋਈ ਮੌਤ, 53 ਦੀ ਰਿਪੋਰਟ ਆਈ ਪਾਜ਼ੇਟਿਵ

ਐੱਸ.ਐੱਚ.ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ 1 ਦਿਨ ਦੇ ਰਿਮਾਂਡ 'ਤੇ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਨੇ ਪੁਲਸ ਜਾਂਚ 'ਚ 2 ਹੋਰ ਦੁਕਾਨਾਂ ਜਿਸ 'ਚ ਗਗਨ ਐਲੂਮੀਨੀਅਮ ਅਤੇ ਇਕ ਕਬਾੜ ਦੀ ਦੁਕਾਨ 'ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਵੀ ਕਬੂਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਚੋਰੀ 'ਚ ਉਨ੍ਹਾਂ ਨਾਲ ਹੋਰ ਨੌਜਵਾਨ ਵਿਨੋਦ ਕੁਮਾਰ ਅਤੇ ਰੋਹਿਤ ਕੁਮਾਰ ਉਰਫ ਕਾਲੂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਮੀਂਹ ਨੇ ਪਿੰਡ ਬਹਾਦਰ ਖੇੜਾ ਦੀਆਂ ਸੈਂਕੜਾ ਏਕੜ ਫ਼ਸਲ ਕੀਤੀ ਬਰਬਾਦ, ਪ੍ਰਸ਼ਾਸਨ ਨੇ ਨਹੀ ਸੁਣੀ ਪੁਕਾਰ




 

Harinder Kaur

This news is Content Editor Harinder Kaur