ਰਾਏਪੁਰਾਣੀ ''ਚ 2 ਸਕੀਆਂ ਭੈਣਾਂ ਦੀ ਸੁੱਤੀਆਂ ਹੋਇਆਂ ਕੱਟੀ ਗਈ ਗੁੱਤ, ਪਿੰਡ ਦੀਆਂ ਔਰਤਾਂ ਘਬਰਾਈਆਂ

08/31/2017 10:24:50 AM

ਰਾਏਪੁਰਾਣੀ : ਦੇਸ਼ 'ਚ ਗੁੱਤਾਂ ਕੱਟੇ ਜਾਣ ਦਾ ਮਾਮਲੇ ਅਜੇ ਥੰਮਿਆ ਨਹੀਂ ਹੈ। ਹਰ ਰੋਜ਼ ਗੁੱਤ ਕੱਟਣ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ। ਤਾਜ਼ਾ ਮਾਮਲਾ ਰਾਏਪੁਰਾਣੀ ਦੇ ਮੰਡਲਾਏ ਪਿੰਡ ਦਾ ਸਾਹਮਣੇ ਆਇਆ ਹੈ, ਜਿੱਥੇ 2 ਸਕੀਆਂ ਭੈਣਾਂ ਦੀ ਗੁੱਤ ਕੱਟ ਦਿੱਤੀ ਗਈ, ਜਿਸ ਤੋਂ ਬਾਅਦ ਔਰਤਾਂ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਰਾਏਪੁਰਾਣੀ ਦੇ ਪਿੰਡ ਮੰਡਲਾਏ ਦੀ ਸੁਨੀਤਾ ਦੇਵੀ ਪਤਨੀ ਚਮਨ ਲਾਲ ਅਤੇ ਕੁੰਤਾ ਦੇਵੀ ਪਤਨੀ ਮੋਹਨ ਲਾਲ ਆਪਣੇ-ਆਪਣੇ ਘਰਾਂ ਦੇ ਕਮਰਿਆਂ 'ਚ ਸੁੱਤੀਆਂ ਹੋਈਆਂ ਸਨ ਪਰ ਜਦੋਂ ਸਵੇਰੇ ਉੱਠੀਆਂ ਤਾਂ ਦੋਹਾਂ ਦੀਆਂ ਗੁੱਤਾਂ ਕੱਟੀਆਂ ਹੋਈਆਂ ਸਨ। ਗੁੱਤਾਂ ਕੱਟੇ ਜਾਣ ਦੀ ਗੱਲ ਪੂਰੇ ਪਿੰਡ 'ਚ ਹਵਾ ਦੀ ਤਰ੍ਹਾਂ ਫੈਲ ਗਈ, ਜਿਸ ਤੋਂ ਬਾਅਦ ਪੂਰੇ ਪਿੰਡ ਦੀਆਂ ਔਰਤਾਂ ਘਬਰਾ ਗਈਆਂ। ਉਕਤ ਦੋਹਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੁਨੀਤਾ ਅਤੇ ਕੁੰਤਾ ਦੀ ਗੁੱਤ ਕੱਟੇ ਜਾਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਨੇ ਰੋਟੀ ਵੀ ਨਹੀਂ ਖਾਧੀ। ਹੁਣ ਪਿੰਡ 'ਚ ਦੂਜੀਆਂ ਔਰਤਾਂ ਵੀ ਇਸ ਦਹਿਸ਼ਤ ਦੇ ਕਾਰਨ ਪਰੇਸ਼ਾਨ ਹਨ। ਉਨ੍ਹਾਂ ਨੂੰ ਡਾਰ ਹੈ ਕਿ ਕਿਤੇ ਉਨ੍ਹਾਂ ਦੀ ਗੁੱਤ ਵੀ ਨਾ ਕੱਟ ਲਈ ਜਾਵੇ।