ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀ ਕਾਬੂ

04/26/2018 6:10:33 PM

ਜਲੰਧਰ (ਜਸਪ੍ਰੀਤ)— ਥਾਣਾ ਭਾਰਗਵ ਕੈਂਪ ਦੀ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀਆਂ ਤੋਂ ਪੁਲਸ ਨੇ 95 ਨਸ਼ੀਲੀਆਂ ਗੋਲੀਆਂ ਅਤੇ 1580 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਤਸਕਰਾਂ ਦੀ ਪਛਾਣ ਰਾਜ ਕੁਮਾਰ ਉਰਫ ਗੋਰੀ ਪੁੱਤਰ ਨੱਥਾ ਰਾਮ ਵਾਸੀ ਅਵਤਾਰ ਨਗਰ ਅਤੇ ਰਾਜ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਭਾਰਗਵ ਕੈਂਪ ਦੇ ਰੂਪ 'ਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ-5 ਦੇ ਏ. ਐੱਸ. ਆਈ. ਨਿਰਲੇਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਸ ਪਾਰਟੀ ਸਮੇਤ ਵੈਸ਼ਨੋ ਦੇਵੀ ਮੰਦਿਰ ਭਾਰਗਵ ਕੈਂਪ ਦੇ ਕੋਲ ਨਾਬਾਬੰਦੀ ਕੀਤੀ ਹੋਈ ਸੀ ਕਿ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ। ਜਦੋਂ ਪੁਲਸ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕੋਲੋਂ 95 ਨਸ਼ੀਲੀਆਂ ਗੋਲੀਆਂ ਅਤੇ 1580 ਨਸ਼ੀਲੇ ਕੈਪਸੂਲ ਬਰਾਮਦ ਹੋਏ। ਏ. ਐੱਸ. ਆਈ. ਨਿਰਲੇਪ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੇ ਕੈਪਸੂਲ ਉਹ ਕਿੱਥੋਂ ਲੈ ਕੇ ਆਏ ਹਨ।