ਇਰਾਕ ’ਚੋਂ ਵਤਨ ਪਰਤੇ ਕਪੂਰਥਲਾ ਦੇ 2 ਨੌਜਵਾਨਾਂ ਦੀ ਲੂੰ-ਕੰਢੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ

07/28/2019 10:07:36 PM

ਫਗਵਾੜਾ/ਭੁਲੱਥ, (ਹਰਜੋਤ, ਰਜਿੰਦਰ)-ਸੁਨਹਿਰੇ ਭਵਿੱਖ ਦਾ ਸੁਪਨਾ ਸਜਾ ਕੇ ਇਰਾਕ ਗਏ ਫਗਵਾੜਾ ਦੇ ਮੁਹੱਲਾ ਕੌਂਲਸਰ ਦੇ ਰਹਿਣ ਵਾਲੇ ਕੋਮਲਜੋਤ ਅਤੇ ਜ਼ਿਲੇ ਦੇ ਪਿੰਡ ਖਲੀਲ ਵਾਸੀ ਪ੍ਰਭਜੋਤ ਉਥੇ 7 ਮਹੀਨੇ ਖੱਜਲ ਹੋਣ ਤੋਂ ਬਾਅਦ ਹੁਣ ਭਾਰਤ ਆ ਗਏ ਹਨ। ਦੋਵੇਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਦੇ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਰਿਸੀਵ ਕੀਤਾ। ਜਿਸ ਤੋਂ ਬਾਅਦ ਦੋਵੇਂ ਆਪੋ-ਆਪਣੇ ਘਰ ਪੁੱਜੇ। ਪੁੱਤਰਾਂ ਦੀ ਘਰ ਵਾਪਸੀ ’ਤੇ ਘਰ ਵਿਚ ਖੁਸ਼ੀ ਵਾਲਾ ਮਾਹੌਲ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਨਾਲ ‘ਜਗ ਬਾਣੀ’ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਲੂੰ-ਕੰਢੇ ਖੜੇ ਕਰ ਦੇਣ ਵਾਲੀ ਆਪੋ-ਆਪਣੀ ਦਾਸਤਾਨ ਸਾਂਝੀ ਕੀਤੀ।

ਘਰ ਦੀ ਗਰੀਬੀ ਦੂਰ ਕਰਨ ਲਈ ਗਿਆ ਸੀ ਵਿਦੇਸ਼ : ਕੋਮਲਜੋਤ ਸਿੰਘ

ਨੌਜਵਾਨ ਪੀੜ੍ਹੀ ਆਪਣੇ ਹੀ ਮੁਲਕ ’ਚ ਰਹਿ ਕੇ ਛੋਟਾ ਮੋਟਾ ਕਾਰੋਬਾਰ ਕਰ ਕੇ ਆਪਣਾ ਗੁਜ਼ਾਰਾ ਕਰ ਲਵੇ ਤੇ ਇਨ੍ਹਾਂ ਫਰਜ਼ੀ ਟ੍ਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਆਪਣੀ ਜ਼ਿੰਦਗੀ ਬਿਲਕੁਲ ਵੀ ਖਰਾਬ ਨਾ ਕਰੇ। ਇਹ ਪ੍ਰਗਟਾਵਾ ਅੱਜ ਇਥੇ ਇਰਾਕ ਤੋਂ ਆਪਣੇ ਮੁਲਕ ਪਰਤੇ 7 ਨੌਜਵਾਨਾਂ ’ਚੋਂ ਫਗਵਾੜਾ ਦੇ ਮੁਹੱਲਾ ਕੌਂਲਸਰ ਦੇ ਰਹਿਣ ਵਾਲੇ ਕੋਮਲਜੋਤ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਕੀਤਾ। ਕੋਮਲਜੋਤ ਨੇ ਆਪਣੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਉਹ ਇਥੇ ਆਪਣੇ ਪਿਤਾ ਦੇ ਨਾਲ ਹੀ ਲੇਬਰ ਦਾ ਕੰਮ ਕਰਦਾ ਸੀ ਤਾਂ ਉਸ ਦਾ ਇਕ ਔਰਤ ਨੀਲਮ ਰਾਣੀ ਤੇ ਮਰਦ ਰਾਮ ਲੁਭਾਇਆ ਉਨ੍ਹਾਂ ਦੇ ਫੈਮਲੀ ਦੋਸਤ ਵਜੋਂ ਸੰਪਰਕ ’ਚ ਆ ਗਏ ਅਤੇ ਉਨ੍ਹਾਂ ਨੇ ਉਸ ਨੂੰ ਇਰਾਕ ਭੇਜਣ ਦਾ ਉਸ ਸਮੇਂ 2 ਲੱਖ 80 ਹਜ਼ਾਰ ਰੁਪਏ ’ਚ ਸੌਦਾ ਤਹਿ ਕਰ ਲਿਆ ਸੀ। ਉਸ ਨੇ ਦੱਸਿਆ ਕਿ ਉਸਦੇ ਮਾਪਿਆਂ ਨੇ ਪੈਸੇ ਵਿਆਜ ’ਤੇ ਲੈ ਕੇ ਉਕਤ ਏਜੰਟ ਨੂੰ ਦੇ ਦਿੱਤੇ। ਦਸੰਬਰ 2018 ਨੂੰ ਉਸ ਦਾ ਵੀਜ਼ਾ ਲਗਵਾ ਦਿੱਤਾ ਅਤੇ ਉਹ ਘਰ ਦੀ ਗਰੀਬੀ ਦੂਰ ਕਰਨ ਦੇ ਇਰਾਦੇ ਨਾਲ ਇਰਾਕ ਚੱਲਾ ਗਿਆ। ਜਦੋਂ ਉਹ ਇਰਾਕ ਪੁੱਜਾ ਤਾਂ ਉਥੇ ਜਾਂਦਿਆਂ ਹੀ ਇਨ੍ਹਾਂ ਨੂੰ ਏਜੰਟ ਦੇ ਵਿਅਕਤੀ ਮਿਲੇ ਅਤੇ ਨਾਲ ਹੀ ਉਨ੍ਹਾਂ ਦੇ ਵਕੀਲ ਨੂੰ ਮਿਲਾ ਦਿੱਤਾ, ਜਿਸ ਨੇ ਉਨ੍ਹਾਂ ਨੂੰ ਆਈ-ਡੀ ਕਾਰਡ ਲੈ ਕੇ ਦੇਣਾ ਸੀ। ਵਕੀਲ ਨੇ ਸਾਡੇ ਪਾਸਪੋਰਟ ਰੱਖ ਲਏ, ਜਿਸ ਉਪਰੰਤ ਉਹ ਇਕ ਕਮਰੇ ’ਚ ਜਿਥੇ ਕਰੀਬ ਭਾਰਤੀ ਤੇ ਪਾਕਿਸਤਾਨੀ 15 ਨੌਜਵਾਨ ਸਨ, ਉੱਥੇ ਅਸੀਂ ਰਹਿ ਰਹੇ ਸੀ। ਜਿਥੇ ਕੋਈ ਵੀ ਰੋਟੀ ਦਾ ਇੰਤਜ਼ਾਮ ਨਹੀਂ ਸੀ ਅਤੇ ਅਸੀਂ ਆਪਣੇ ਕਮਰੇ ਤੋਂ ਬਾਹਰ ਹੀ ਨਹੀਂ ਨਿਕਲ ਸਕਦੇ ਸੀ ਕਿਉਂ ਕਿ ਸਾਨੂੰ ਇਹ ਹੀ ਡਰ ਸੱਤਾ ਰਿਹਾ ਸੀ ਕਿ ਜਦੋਂ ਅਸੀਂ ਬਾਹਰ ਜਾਵਾਂਗੇ ਤਾਂ ਪੁਲਸ ਦੇ ਹੱਥ ਲੱਗ ਗਏ ਤਾਂ ਸਾਨੂੰ ਅੰਦਰ ਕਰ ਦੇਣਗੇ।

ਮਹੀਨੇ ਬਾਅਦ ਹੀ ਏਜੰਟ ਦੇ ਕਰਿੰਦੇ ਹੋਏ ਸੰਪਰਕ ਤੋਂ ਬਾਹਰ

ਇਕ ਮਹੀਨੇ ਦੇ ਅੰਦਰ-ਅੰਦਰ ਏਜੰਟ ਦੇ ਕਰਿੰਦੇ (ਵਿਅਕਤੀ) ਸਾਡੇ ਸੰਪਰਕ ਤੋਂ ਬਾਹਰ ਹੋ ਗਏ ਅਤੇ ਜਿਹੜਾ ਵਕੀਲ ਇਨ੍ਹਾਂ ਨੇ ਸਾਨੂੰ ਮਿਲਾਇਆ ਸੀ ਅਸੀਂ ਉਸ ਕੋਲ ਗਏ ਤਾਂ ਉਸ ਨੇ ਸਾਡੇ ਕੋਲੋਂ 9600 ਡਾਲਰ ਦੀ ਮੰਗ ਕੀਤੀ ਪਰ ਸਾਡੇ ਕੋਲ ਇੰਨੀ ਗੁਜਾਇਸ਼ ਨਾ ਹੋਣ ਕਰਕੇ ਅਸੀਂ ਇਹ ਰਕਮ ਦੇਣ ਤੋਂ ਅਸਮਰੱਥ ਸੀ ਅਤੇ ਅਸੀਂ ਅੰਦਰ ਵੜ ਕੇ ਆਪਣਾ ਸਮਾਂ ਕੱਢਦੇ ਰਹੇ। ਜਿਥੇ ਸਾਨੂੰ ਬੜੀ ਮਜਬੂਰੀ ’ਚ ਰਹਿਣਾ ਪਿਆ। ਫ਼ਿਰ ਜਦੋਂ ਅਸੀਂ ਇਸ ਸਾਰੇ ਮਾਮਲੇ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਜਿਸ ’ਤੇ ਇਹ ਸਾਰਾ ਮਾਮਲਾ ਇਥੋਂ ਦੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ ਦੇ ਧਿਆਨ ’ਚ ਆਇਆ ਅਤੇ ਇਨ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੁਆਰਾ ਇਹ ਸਾਰਾ ਮਾਮਲਾ ਕੇਂਦਰੀ ਮੰਤਰੀ ਜੈਸ਼ੰਕਰ ਦੇ ਧਿਆਨ ’ਚ ਲਿਆਂਦਾ, ਜਿਨ੍ਹਾਂ ਅੰਬੈਂਸੀ ਦੁਆਰਾ ਵਕੀਲ ’ਤੇ ਕੇਸ ਕੀਤਾ ਅਤੇ ਸਾਡੀ ਉੱਥੋਂ ਜਾਨ ਛੁਡਾਈ ਅਤੇ ਫ਼ਿਰ ਕੋਰਟ ਦੁਆਰਾ ਵਕੀਲ ਨੂੰ ਜੁਰਮਾਨਾ ਕੀਤਾ ਗਿਆ ਅਤੇ ਉਸ ਨੇ ਸਾਡਾ ਜੁਰਮਾਨਾ ਕਰੀਬ 1500 ਡਾਲਰ ਸਰਕਾਰ ਨੂੰ ਭਰਿਆ।

2 ਲੱਖ 80 ਹਜ਼ਾਰ ਕਰਜ਼ ਚੁੱਕ ਕੇ ਗਿਆ ਸੀ ਇਰਾਕ

ਕੋਮਲਜੋਤ ਨੇ ਦੱਸਿਆ ਕਿ ਉੱਥੇ ਸਾਡੀ ਹਾਲਤ ਬੇਹੱਦ ਬਦਤਰ ਸੀ ਅਤੇ ਉਨ੍ਹਾਂ ਨੂੰ ਰੋਟੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਅਸੀਂ ਉਥੇ ਕਮਰੇ ’ਚ ਰਹਿ ਰਹੇ ਕੁਝ ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨਾਂ ਕੋਲੋਂ ਪੈਸੇ ਲੈ ਕੇ ਆਪਣਾ ਗੁਜ਼ਾਰਾ ਕਰਦੇ ਸੀ। ਕੋਮਲਜੋਤ ਨੇ ਦੱਸਿਆ ਕਿ ਉਹ ਸਿਰਫ਼ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ ਇਥੇ ਉਹ ਦੋ ਭਰਾ ਸਨ ਤੇ ਪਿਤਾ ਵੀ ਮਜ਼ਦੂਰੀ ਕਰਦੇ ਸਨ ਅਤੇ ਉਹ ਵੀ ਪਿਤਾ ਨਾਲ ਮਜ਼ਦੂਰੀ ਕਰਦਾ ਸੀ। ਜਿਸ ਦੌਰਾਨ ਉਹ ਘਰ ਦੀ ਗਰੀਬੀ ਦੂਰ ਕਰਨ ਲਈ 2 ਲੱਖ 80 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਗਿਆ ਸੀ, ਜਿਥੇ ਉਸ ਦੀ ਹਾਲਤ ਇਥੇ ਤੋਂ ਵੀ ਮਾੜੀ ਹੋ ਗਈ।

ਮਾਤਾ ਅਤੇ ਪਿਤਾ ਹੋਏ ਭਾਵੁਕ

ਕੋਮਲਜੋਤ ਦੇ ਘਰ ਪੁੱਜਣ ’ਤੇ ਉਸ ਦੀ ਮਾਤਾ ਸੁਰਜੀਤ ਕੌਰ, ਪਿਤਾ ਮੋਹਨ ਲਾਲ ਤੇ ਪਤਨੀ ਸਿਰਮਨ ਬਹੁਤ ਭਾਵੁਕ ਹੋਏ ਅਤੇ ਘਰ ’ਚ ਕਾਫ਼ੀ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਸੀ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ। ਕੋਲਮਜੋਤ ਦੇ ਘਰ ਪੁੱਜਣ ਦੀ ਖੁਸ਼ੀ ’ਚ ਪਰਿਵਾਰਕ ਮੈਂਬਰਾਂ ਨੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ ਦੀ ਹਾਜ਼ਰੀ ’ਚ ਕੇਕ ਕੱਟਿਆ ਅਤੇ ਕੇਕ ’ਤੇ ਵਿਸ਼ੇਸ਼ ਤੌਰ ’ਤੇ ਲਿਖਿਆ ਸੀ ਕਿ ‘ਕੋਮਲਜੋਤ ਇੰਡੀਆ’ ਸੁਆਗਤ। ਕੇਕ ਕੱਟਦੇ ਹੋਏ ਕੋਮਲਜੋਤ ਕਾਫ਼ੀ ਭਾਵੁਕ ਨਜ਼ਰ ਆ ਰਿਹਾ ਸੀ। ਇਸ ਮੌਕੇ ਕੋਮਲਜੀਤ ਦੇ ਘਰ ਪੁੱਜੇ ਰਣਜੀਤ ਸਿੰਘ ਖੁਰਾਨਾ ਨੇ ਰੱਬ ਦਾ ਸ਼ੁਕਰਾਨਾ ਕਰਦਿਆਂ ਜਿਥੇ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਬਿਲਕੁਲ ਵੀ ਇਸ ਤਰ੍ਹਾਂ ਦੇ ਏਜੰਟਾਂ ਦੇ ਝਾਂਸੇ ’ਚ ਆ ਕੇ ਆਪਣੀ ਜ਼ਿੰਦਗੀ ਨਾ ਤਬਾਹ ਕਰਨ ਕਿਉਂ ਕਿ ਇਹ ਏਜੰਟ ਆਪਣੇ ਪੈਸੇ ਲੈ ਕੇ ਅਗਾਂਹ ਤੁਰਦੇ ਹਨ ਅਤੇ ਪਰਿਵਾਰਾਂ ਦੇ ਪਰਿਵਾਰ ਪਿੱਛੇ ਰੁਲ ਜਾਂਦੇ ਹਨ।

ਕਦੇ ਵੀ ਮੁੜ ਨਾ ਜਾਵੇਗਾ ਵਿਦੇਸ਼

ਕੋਮਲਜੋਤ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਇਥੇ ਜਿਸ ਤਰ੍ਹਾਂ ਦੀ ਰੋਟੀ ਮਿਲੇਗੀ ਉਸ ਨੂੰ ਖਾਣੀ ਮਨਜ਼ੂਰ ਹੋਵੇਗੀ ਪਰ ਇੰਨੇ ਧੱਕੇ ਖਾਣ ਤੋਂ ਬਾਅਦ ਹੁਣ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਕਦੇ ਵੀ ਮੁੜ ਵਿਦੇਸ਼ ਜਾਣ ਦਾ ਸੋਚੇਗਾ ਵੀ ਨਹੀਂ ਅਤੇ ਇਥੇ ਹੀ ਕੋਈ ਛੋਟਾ ਮੋਟਾ ਕਾਰੋਬਾਰ ਕਰਕੇ ਆਪਣਾ ਗੁਜ਼ਾਰਾ ਕਰੇਗਾ। ਉਸ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਏਜੰਟ ਦੇ ਧੱਕੇ ਚੜ੍ਹ ਕੇ ਠੱਗੀ ਦਾ ਸ਼ਿਕਾਰ ਨਾ ਹੋਣ ਅਤੇ ਇਹ ਏਜੰਟ ਲੋਕਾਂ ਨੂੰ ਆਪਣੇ ਝਾਂਸੇ ’ਚ ਲੈ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਏਜੰਟਾਂ ਖਿਲਾਫ਼ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਵੇ ਤਾਂ ਜੋ ਨੌਜਵਾਨ ਠੱਗੀ ਤੋਂ ਬੱਚ ਸਕਣ।

ਦੋ ਲੜਕੀਆਂ ਦਾ ਬਾਪ ਹੈ ਕੋਮਲਜੋਤ

ਕੋਮਲਜੋਤ ਦਾ ਵਿਆਹ 7 ਅਗਸਤ 2012 ਨੂੰ ਸਿਮਰਨ ਨਾਲ ਹੋਇਆ ਸੀ ਅਤੇ ਉਸ ਦੇ ਦੋ ਲੜਕੀਆਂ ਤਾਨੀਆ ਅਤੇ ਸੋਨੀਆ ਹਨ ਜੋ ਅੱਜ ਆਪਣੇ ਪਿਤਾ ਦੇ ਆਉਣ ਦੀ ਖੁਸ਼ੀ ’ਚ ਕਾਫ਼ੀ ਨਜ਼ਰ ਆ ਰਹੀਆਂ ਸਨ। ਉਕਤ ਲੜਕੇ ਦੇ ਪਰਿਵਾਰ ਨੇ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ੋਂ ਮੰਗਵਾਉਣ ਲਈ ਖਾਸ ਕਰ ਇਥੋਂ ਦੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਦੇਵ ਸਿੰਘ ਖਹਿਰਾ ਵਿਧਾਇਕ ਫ਼ਿਲੌਰ, ਬਿਕਰਮ ਸਿੰਘ ਮਜੀਠੀਆ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

‘ਸਰਕਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤਾਂ ਕਿ ਨੌਜਵਾਨ ਨਾ ਜਾਣ ਵਿਦੇਸ਼’

ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਸਾਡੇ ਦੇਸ਼ ’ਚ ਨੌਜਵਾਨਾਂ ਨੂੰ ਜਦੋਂ ਕੰਮ ਕਰਨ ਲਈ ਰੁਜ਼ਗਾਰ ਹੀ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਮਜਬੂਰੀ ’ਚ ਵਿਦੇਸ਼ ’ਚ ਜਾਣਾ ਪੈਂਦਾ ਹੈ ਅਤੇ ਆਪਣੇ ਘਰ ਦੀ ਹਾਲਤ ਸੁਧਾਰਨ ਲਈ ਭੋਲੇ ਭਾਲ ਨੌਜਵਾਨ ਇਨ੍ਹਾਂ ਏਜੰਟਾਂ ਦੇ ਝਾਂਸੇ ’ਚ ਆ ਜਾਂਦੇ ਹਨ ਅਤੇ ਵਿਆਜ ’ਤੇ ਪੈਸੇ ਲੈ ਕੇ ਇਨ੍ਹਾਂ ਏਜੰਟਾਂ ਨੂੰ ਦੇ ਦਿੰਦੇ ਹਨ ਅਤੇ ਪਿੱਛੋਂ ਏਜੰਟ ਇਹੋ ਜਿਹੀਆਂ ਘਟੀਆ ਹਰਕਤਾਂ ਕਰਕੇ ਇਨ੍ਹਾਂ ਨੂੰ ਫ਼ਸਾ ਦਿੰਦੇ ਹਨ, ਜਿਸ ਕਾਰਣ ਪਰਿਵਾਰ ਪਿੱਛੇ ਰੁੱਲ ਰਿਹਾ ਹੁੰਦਾ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਲਈ ਇਥੇ ਹੀ ਇੰਨੇ ਮੌਕੇ ਪੈਦਾ ਕਰੇ ਤਾਂ ਜੋ ਇਹ ਨੌਜਵਾਨ ਵਿਦੇਸ਼ ਜਾਣ ਬਾਰੇ ਸੋਚਣ ਵੀ ਨਾ ਅਤੇ ਇਥੇ ਰਹਿ ਕੇ ਹੀ ਆਪਣਾ ਗੁਜ਼ਾਰਾ ਕਰ ਸਕਣ ਅਤੇ ਆਪਣੇ ਪਰਿਵਾਰ ਤੇ ਮਾਤਾ-ਪਿਤਾ ਨੂੰ ਸੁੱਖ ਦੇ ਸਕਣ।

ਵਿਦੇਸ਼ 'ਚ ਕੋਈ ਕੰਮ-ਕਾਜ ਨਹੀਂ, ਨਾ ਜਾਇਓ : ਪ੍ਰਭਜੋਤ

ਕਪੂਰਥਲਾ ਦੇ ਭੁਲੱਥ ਇਲਾਕੇ ਦੇ ਪਿੰਡ ਖਲੀਲ ਵਾਸੀ ਪ੍ਰਭਜੋਤ ਸਿੰਘ ਨੇ ਦੇਸ਼ ਵਾਪਸ ਆਉਣ ਤੋਂ ਬਾਅਦ ਗੱਲਬਾਤ ਕਰਦਿਆਂ ਸਭ ਤੋਂ ਪਹਿਲਾਂ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਪੀੜ੍ਹੀ ਧੋਖੇਬਾਜ਼ ਟ੍ਰੈਵਲ ਏਜੰਟਾਂ ਤੋਂ ਬਚੇ। ਉਸਨੇ ਕਿਹਾ ਕਿ ਇਰਾਕ ਵਿਚ ਨੌਜਵਾਨਾਂ ਨਾਲ ਕਮਰੇ ਭਰੇ ਪਏ ਹਨ ਤੇ ਉਥੇ ਕੰਮ-ਕਾਜ ਨਹੀਂ ਹੈ, ਇਸ ਲਈ ਇਰਾਕ ਜਾਣ ਲਈ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਇਰਾਕ ਗਏ ਨੌਜਵਾਨਾਂ ਦਾ ਹਾਲ ਕੋਈ ਬਹੁੱਤਾ ਚੰਗਾ ਨਹੀਂ।

ਸਿਰਫ ਇਕ ਮਹਿਨਾ ਮਿਲੀ ਰੋਟੀ

ਪ੍ਰਭਜੋਤ ਸਿੰਘ ਨੇ ਕਿਹਾ ਕਿ ਫਗਵਾੜਾ ਦੇ ਟ੍ਰੈਵਲ ਏਜੰਟ ਨੇ 2 ਲੱਖ 80 ਹਜ਼ਾਰ ਰੁਪਏ ਲੈ ਕੇ ਮੈਨੂੰ ਇਰਾਕ ਭੇਜਿਆ ਸੀ। 27 ਦਸੰਬਰ 2018 ਨੂੰ ਮੈਂ ਭਾਰਤ ਤੋਂ ਇਰਾਕ ਵਿਖੇ ਪਹੁੰਚਿਆ ਸੀ। ਸਾਨੂੰ ਇਰਾਕ ਦੇ ਇਰਬਲ ਸ਼ਹਿਰ ਵਿਚ ਠਹਿਰਾਇਆ ਗਿਆ ਸੀ। ਪ੍ਰਭਜੋਤ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਮੈਨੂੰ ਕਿਹਾ ਸੀ ਕਿ ਇਰਾਕ ਵਿਚ ਪਹੁੰਚ ਕੇ ਉਥੇ ਇਕ ਸਾਲ ਦਾ ਵਰਕ ਕਾਰਡ ਬਣਾ ਕੇ ਦੇਵਾਂਗਾ ਤੇ ਵਰਕ ਕਾਰਡ ਬਣਨ ਤਕ ਰਹਿਣ ਤੇ ਰੋਟੀ ਦਾ ਖਰਚਾ ਮੇਰਾ ਹੋਵੇਗਾ। ਜਿਸ ਦਰਮਿਆਨ ਸਾਨੂੰ ਇਕ ਮਹੀਨਾ ਰੋਟੀ ਦਿੱਤੀ ਗਈ ਤੇ ਉਸ ਤੋਂ ਬਾਅਦ ਰੋਟੀ ਵੀ ਬੰਦ ਹੋ ਗਈ। ਇਥੋਂ ਦੇ ਏਜੰਟ ਰਾਹੀਂ ਇਰਾਕ ਵਿਚ ਜਿਹੜੇ ਅਗਲੇ ਏਜੰਟ ਨਾਲ ਸਾਡੀ ਗੱਲ ਸੀ, ਉਸ ਨੇ ਇਕ ਮਹੀਨੇ ਬਾਅਦ ਆਪਣਾ ਫੋਨ ਨੰਬਰ ਬੰਦ ਕਰ ਲਿਆ ਤੇ ਆਪਣੀ ਰਿਹਾਇਸ਼ ਵੀ ਬਦਲ ਲਈ।

ਪੰਜਾਬੀ ਪਹਿਲਵਾਨ ਬਣਿਆ ਮਸੀਹਾ

ਅਸੀਂ ਖੱਜਲ-ਖੁਆਰ ਹੁੰਦੇ ਹੋਏ ਇਸ ਦੌਰਾਨ ਇਕ ਪੰਜਾਬੀ ਨੌਜਵਾਨ ਨੂੰ ਮਿਲੇ, ਜਿਸ ਨੂੰ ਇਰਾਕ ਵਿਚ ਪਹਿਲਵਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਨੌਜਵਾਨ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਨੇ ਸਾਨੂੰ ਕਰੀਬ ਤਿੰਨ ਮਹੀਨੇ ਰੋਟੀ ਖੁਆਈ। ਕੁਝ ਮਹਿਨੇ ਬਾਅਦ ਅਸੀਂ ਇਰਾਕ ਦੀ ਇੰਡੀਆ ਅੰਬੈਂਸੀ ਵਿਚ ਪਹੁੰਚ ਕੀਤੀ ਤੇ ਆਪਣੇ ਨਾਲ ਹੋਏ ਧੋਖੇ ਤੇ ਹੋ ਰਹੀ ਖੱਜਲ ਖੁਆਰੀ ਬਾਰੇ ਦਸਿਆ। ਜਿਸ ਤੋਂ ਬਾਅਦ ਸਾਨੂੰ 7 ਨੌਜਵਾਨਾਂ ਨੂੰ ਪਹਿਲੇ ਮਹੀਨੇ ਅੰਬੈਂਸੀ ਨੇ 200 ਡਾਲਰ ਤੇ ਬਾਅਦ ਵਿਚ ਦੋ ਮਹੀਨੇ 100-100 ਡਾਲਰ ਰੋਟੀ ਖਰਚੇ ਲਈ ਦਿੱਤੇ। ਹੁਣ ਮੈਂ ਇਥੇ ਆਪਣੇ ਘਰ ਪਹੁੰਚ ਚੁੱਕਾ ਹਾਂ, ਜਿਸ ਲਈ ਮੈਂ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਧੰਨਵਾਦ ਕਰਦਾ ਹੈ।

Arun chopra

This news is Content Editor Arun chopra