2 ਬੱਚੀਆਂ ਨਾਲ ਜਬਰ-ਜ਼ਨਾਹ ਕਰ ਕੇ ਹੱਤਿਆ ਕਰਨ ਵਾਲੇ 3 ਗ੍ਰਿਫਤਾਰ, 2 ਫਰਾਰ

12/01/2019 9:28:48 AM

ਗੁਰਦਾਸਪੁਰ, (ਵਿਨੋਦ)- ਬੀਤੇ ਦਿਨ ਪਾਕਿਸਤਾਨ ਦੇ ਵੇਹਰੀ ਇਲਾਕੇ ’ਚ 2 ਬੱਚੀਆਂ ਨਾਲ ਜਬਰ-ਜ਼ਨਾਹ ਕਰ ਕੇ ਉਨ੍ਹਾਂ ਦੀ ਹੱਤਿਆ ਕਰਨ ਦੇ ਦੋਸ਼ ’ਚ ਪੁਲਸ ਨੇ 5 ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 2 ਅਜੇ ਫਰਾਰ ਹਨ। ਸਰਹੱਦ ਪਾਰ ਸੂਤਰਾਂ ਅਨੁਸਾਰ ਵੇਹਰੀ ਪੁਲਸ ਸਟੇਸ਼ਨ ਅਧੀਨ ਪਿੰਡ ਮੇਲਸੀ ਵਾਸੀ 7 ਸਾਲ ਸਾਨੀਆ ਪੁੱਤਰੀ ਅਬਦੁਲ ਗਫਾਰ ਅਤੇ ਉਨ੍ਹਾਂ ਦੀ ਚਚੇਰੀ ਭੈਣ 6 ਸਾਲ ਫੌਜਿਆ ਪੁੱਤਰੀ ਗੁਲਾਬ ਅੱਬਾਸ ਵੀਰਵਾਰ ਨੂੰ ਘਰੋਂ ਪਿੰਡ ਦੀ ਮਸਜਿਦ ’ਚ ਗਈਆਂ ਸਨ ਪਰ ਜਦ ਸ਼ਾਮ ਤੱਕ ਘਰ ਵਾਪਸ ਨਾ ਆਈਆਂ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਸ ਸਬੰਧੀ ਪੁਲਸ ਨੇ ਪਹਿਲਾਂ ਤਾਂ ਟਾਲ-ਮਟੋਲ ਦੀ ਨੀਤੀ ਅਪਣਾਈ ਪਰ ਲੋਕਾਂ ਦੇ ਦਬਾਅ ਤੋਂ ਬਾਅਦ ਪੁਲਸ ਨੇ ਲਡ਼ਕੀਆਂ ਦੇ ਗੁੰਮ ਹੋਣ ਸਬੰਧੀ ਕੇਸ ਦਰਜ ਕਰ ਲਿਆ। ਬੀਤੀ ਦੇਰ ਸ਼ਾਮ ਪਿੰਡ ਦੇ ਬਾਹਰ ਮੱਕੀ ਦੇ ਖੇਤ ’ਚ ਇਨ੍ਹਾਂ ਦੋਵਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ, ਜੋ ਨਗਨ ਹਾਲਤ ’ਚ ਸਨ।

ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁੱਛਗਿੱਛ ਦੇ ਆਧਾਰ ’ਤੇ ਇਹ ਦੋਵੇਂ ਬੱਚੀਆਂ ਪਿੰਡ ਦੇ ਹੀ ਲੋਕਾਂ ਨਾਲ ਮਸਜਿਦ ਤੋਂ ਬਾਹਰ ਜਾਂਦੀਆਂ ਦੇਖੀਆਂ ਗਈਆਂ ਸਨ ਅਤੇ ਜਿਨ੍ਹਾਂ ਲੋਕਾਂ ਦੇ ਨਾਲ ਇਹ ਬੱਚੀਆਂ ਮਸਜਿਦ ਦੇ ਬਾਹਰ ਜਾਂਦੀਆਂ ਦੇਖੀਆਂ ਗਈਆਂ ਉਹ ਮਸਜਿਦ ਦੇ ਹੀ ਕਰਮਚਾਰੀ ਹਨ, ਜਿਸ ’ਤੇ ਪੁਲਸ ਨੇ ਕਾਰਵਾਈ ਕਰ ਕੇ ਹਨੀਫ, ਹੁਸੈਨ ਅਤੇ ਅਜ਼ਹਰ ਸਾਰੇ ਵਾਸੀ ਮੇਲਸੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਆਪਣਾ ਜੁਰਮ ਸਵੀਕਾਰ ਕਰ ਕੇ ਆਪਣੇ ਦੋ ਹੋਰ ਸਾਥੀਆਂ ਦੇ ਵੀ ਨਾਂ ਦੱਸ ਦਿੱਤੇ, ਜੋ ਇਸ ਸ਼ਰਮਨਾਕ ਘਟਨਾ ’ਚ ਸ਼ਾਮਲ ਸਨ। ਪੁਲਸ ਨੇ ਪੰਜਾਂ ਵਿਰੁੱਧ ਕੇਸ ਦਰਜ ਕਰ ਕੇ ਹੋਰ ਦੋਵਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।