ਜ਼ੀਰਕਪੁਰ ’ਚ ਇੱਕੋ ਦਿਨ 2 ਲਾਵਾਰਿਸ ਕੁੜੀਆਂ ਦਾ ਕੀਤਾ ਗਿਆ ਅੰਤਿਮ ਸੰਸਕਾਰ

06/15/2020 1:30:02 PM

ਜ਼ੀਰਕਪੁਰ (ਮੇਸ਼ੀ) : ਬੀਤੇ ਕੁਝ ਦਿਨ ਪਹਿਲਾਂ ਜ਼ੀਰਕਪੁਰ ’ਚ ਵੱਖ-ਵੱਖ ਸਥਾਨਾਂ ’ਤੇ ਲੜਕੀਆਂ ਦੇ ਖੁਦਕੁਸ਼ੀ ਕਰਨ ਮਗਰੋਂ ਪੁਲਸ ਨੂੰ ਲਾਸ਼ਾਂ ਬਰਾਮਦ ਹੋਈਆਂ। ਇਹ ਲਾਸ਼ਾਂ ਸ਼ਨਾਖਤ ਲਈ ਡੇਰਾਬੱਸੀ ਹਸਪਤਾਲ ’ਚ ਰੱਖੀਆਂ ਗਈਆਂ ਸਨ। ਜਿਨ੍ਹਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਨਾ ਅੱਪੜਿਆ ਅਤੇ ਨਾ ਹੀ ਕੋਈ ਪਛਾਣ ਹੋਈ। 72 ਘੰਟਿਆਂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਜ਼ੀਰਕਪੁਰ ਦੀ ਸਮਾਜ ਸੇਵੀ ਸੰਸਥਾਂ ਵਲੋਂ ਇਕੋ ਦਿਨ ਦੋਵੇਂ ਲਾਵਾਰਿਸ ਲੜਕੀਆਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਸੋਨੂੰ ਸੇਠੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ੀਰਕਪੁਰ ਦੇ ਢਕੋਲੀ ਪੁਲਸ ਨੂੰ ਗੰਦੇ ਨਾਲੇ ’ਚੋਂ ਭੇਦਭਰੀ ਹਾਲਤ ’ਚ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ। ਸ਼ਨਾਖਤ ਨਾ ਹੋਣ ਕਾਰਨ ਉਸ ਨੂੰ ਹਸਪਤਾਲ ’ਚ ਰੱਖਿਆ ਗਿਆ ਸੀ। ਅਜਿਹੀ ਹੀ ਇਕ ਹੋਰ ਘਟਨਾ ’ਚ ਪਿੰਡ ਛੱਤਬੀੜ ਦੇ ਜੰਗਲਾਂ ਨਜ਼ਦੀਕ ਚਿੜੀਆ ਘਰ ਕੋਲ ਇਕ ਲੜਕੀ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਬਰਾਮਦ ਹੋਈ ਸੀ। ਜ਼ੀਰਕਪੁਰ ਪੁਲਸ ਲੜਕੀ ਦੀ ਸ਼ਨਾਖਤ ’ਚ ਜੁਟੀ ਰਹੀ ਪਰ ਲੜਕੀ ਦੀ ਲਾਸ਼ ਨੂੰ ਵੀ ਡੇਰਾਬੱਸੀ ਸਿਵਲ ਹਸਪਤਾਲ ’ਚ ਰੱਖਿਆ ਗਿਆ ਸੀ।
ਸੇਠੀ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਜ਼ੀਰਕਪੁਰ ਦੇ ਸ਼ਮਸ਼ਾਨ ਘਾਟ 'ਚ 600 ਤੋਂ ਵੀ ਵੱਧ ਲਾਵਾਰਿਸ ਲਾਸ਼ਾਂ ਦੇ ਸੰਸਕਾਰ ਕਰ ਚੁਕੇ ਹਾਂ ਪਰ ਪਹਿਲੀ ਵਾਰ ਅਸੀਂ ਇਕੋ ਦਿਨ ਦੋ ਲੜਕੀਆਂ ਦਾ ਸੰਸਕਾਰ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਦੋਵਾਂ ਲੜਕੀਆਂ ਨੇ ਖੁਦਕੁਸ਼ੀ ਕੀਤੀ ਹੈ, ਹੁਣ ਖੁਦਕੁਸ਼ੀ ਦਾ ਕਾਰਨ ਕੋਰੋਨਾ ਮਹਾਮਾਰੀ ’ਚ ਚਿੰਤਾ, ਤਣਾਅ, ਘਰ ’ਚ ਕਲੇਸ਼, ਭੁੱਖਮਰੀ, ਬੇਰੋਜ਼ਗਾਰੀ ਕੁਝ ਵੀ ਹੋ ਸਕਦੀ ਹੈ।
 

Babita

This news is Content Editor Babita