ਪਾਣੀ ਦੀ ਟੈਂਕੀ ਰੱਖਣ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਹਾਈਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ

07/20/2017 5:08:51 PM

ਕੋਟਕਪੂਰਾ (ਨਰਿੰਦਰ ਬੈੜ੍ਹ)— ਇੱਥੋਂ ਨੇੜਲੇ ਪਿੰਡ ਮੌੜ ਵਿਖੇ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਬਿਜਲੀ ਦੀਆਂ 11 ਕੇ. ਵੀ. ਤਾਰਾਂ ਤੋਂ ਕਰੰਟ ਲੱਗਣ ਨਾਲ 4 ਵਿਅਕਤੀ ਝੁਲਸ ਗਏ, ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੌੜ ਵਿਖੇ ਇਕ ਘਰ ਦੀ ਛੱਤ 'ਤੇ ਪਾਣੀ ਵਾਲੀ ਟੈਂਕੀ ਰੱਖਣ ਦੌਰਾਨ ਕੋਈ ਚੀਜ਼ ਘਰ ਉਪਰੋਂ ਲੰਘਦੀਆਂ ਹਾਈ ਵੋਲਟੇਜ 11 ਕੇ. ਵੀ. ਤਾਰਾਂ ਨਾਲ ਛੂਹ ਗਈ, ਜਿਸ ਕਾਰਨ ਉੱਥੇ ਕੰਮ ਕਰ ਰਹੇ 4 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਕਰੰਟ ਨਾਲ ਝੁਲਸੇ ਇੰਨ੍ਹਾਂ ਵਿਅਕਤੀਆਂ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪ੍ਰੰਤੂ ਇਸ ਦੌਰਾਨ 2 ਵਿਅਕਤੀਆਂ ਕਰਮ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਦੂਜੇ ਗੰਭੀਰ ਰੂਪ ਵਿਖੇ ਝੁਲਸੇ ਵਿਅਕਤੀਆਂ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।