ਕਾਰ ਟੈਂਕਰ ਨਾਲ ਟਕਰਾਈ, 2 ਮੌਤਾਂ, 3 ਜ਼ਖਮੀ

01/18/2018 7:48:30 AM

ਪਟਿਆਲਾ  (ਬਲਜਿੰਦਰ) - ਸੰਗਰੂਰ ਤੇ ਰਾਜਪੁਰਾ ਰੋਡ ਨੂੰ ਜੋੜਨ ਵਾਲੇ ਦੱਖਣੀ ਬਾਈਪਾਸ 'ਤੇ ਅੱਜ ਹੋਰ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਦਿੱਲੀ ਤੋਂ ਆ ਰਹੀ ਕਾਰ ਟੈਂਕਰ ਨਾਲ ਟਕਰਾ ਗਈ ਅਤੇ ਕਾਰ ਵਿਚ ਸਵਾਰ 5 ਵਿਅਕਤੀਆਂ ਵਿਚੋਂ 2 ਦੀ ਮੌਕੇ 'ਤੇ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਕਾਰ ਸਵਾਰ ਆਪਣੇ ਐੱਨ. ਆਰ. ਆਈ. ਰਿਸ਼ਤੇਦਾਰ ਮਹਿਲਾ ਨੂੰ ਦਿੱਲੀ ਤੋਂ ਲੈ ਕੇ ਵਾਪਸ ਆ ਰਿਹਾ ਸੀ।  ਮ੍ਰਿਤਕਾਂ ਦੀ ਪਛਾਣ ਜਸਮੀਤ ਸਿੰਘ ਪੁੱਤਰ ਗੁਰਨਾਮ ਸਿੰਘ (31) ਵਾਸੀ ਪਿੰਡ ਅਬਲੋਵਾਲ ਅਤੇ ਅੱਛਰ ਸਿੰਘ ਪੁੱਤਰ ਰਾਜ (50) ਵਾਸੀ ਪਸਿਆਣਾ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਵਿਚ ਜਗਤਾਰ ਕੌਰ ਪਤਨੀ ਭਾਨ ਸਿੰਘ (45), ਹਰਿੰਦਰ ਸਿੰਘ ਪੁੱਤਰ ਅੱਛਰ ਸਿੰਘ (23) ਵਾਸੀ ਪਿੰਡ ਪਸਿਆਣਾ ਅਤੇ ਪੰਜਾਬ ਪੁਲਸ ਦਾ ਮੁਲਾਜ਼ਮ ਕਰਮ ਸਿੰਘ ਵਾਸੀ ਨਾਭਾ ਸ਼ਾਮਲ ਹਨ। ਪੁਲਸ ਵੱਲੋਂ ਤਿੰਨਾਂ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਮੁੱਚੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜਗਤਾਰ ਕੌਰ ਨੂੰ ਕਾਰ ਸਵਾਰ ਹਵਾਈ ਅੱਡਾ ਦਿੱਲੀ ਤੋਂ ਲੈ ਕੇ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਇਕ ਟੈਂਕਰ ਨਾਲ ਟਕਰਾ ਗਈ, ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਚਾਲਕ ਆਪਣਾ ਟੈਂਕਰ ਛੱਡ ਕੇ ਫਰਾਰ ਹੋ ਗਿਆ ਹੈ। ਮਾਮਲੇ ਵਿਚ ਜ਼ਖਮੀ ਹਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਟੈਂਕਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਦੱਖਣੀ ਬਾਈਪਾਸ 'ਤੇ ਕੁਝ ਦਿਨ ਪਹਿਲਾਂ ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ ਦੀ ਵੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।