ਡਿਵਾਈਡਰ ਟੱਪ ਕੇ ਦੂਜੇ ਪਾਸੇ ਜਾ ਟਕਰਾਈ ਬੇਕਾਬੂ ਕਾਰ, ਡਰਾਈਵਰ ਸਣੇ 2 ਦੀ ਮੌਤ

12/11/2017 7:19:50 AM

ਲੁਧਿਆਣਾ  (ਪੰਕਜ) - ਜਗਰਾਓਂ ਤੋਂ ਲੁਧਿਆਣਾ ਵੱਲ ਆ ਰਹੀ ਜ਼ੈੱਨ ਕਾਰ ਦੇ ਦੁੱਗਰੀ ਪੁਲ ਤੋਂ ਬੇਕਾਬੂ ਹੋ ਕੇ ਦੂਜੇ ਪਾਸੇ ਆ ਰਹੀਆਂ ਗੱਡੀਆਂ ਨਾਲ ਟਕਰਾਉਣ 'ਤੇ ਚਾਲਕ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਬੱਚਿਆਂ ਸਮੇਤ 4 ਹੋਰ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੌਰਾਨ ਹੋਰ ਗੱਡੀਆਂ ਵੀ ਆਪਸ 'ਚ ਟਕਰਾਅ ਗਈਆਂ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਸਥਿਤ ਗਾਲਿਬ ਕਲਾਂ ਪਿੰਡ ਤੋਂ ਸੰਗੋਵਾਲ ਸਥਿਤ ਮੈਰਿਜ ਪੈਲੇਸ ਵਿਆਹ ਸਮਾਰੋਹ 'ਚ ਜਾਣ ਲਈ ਕਾਰ 'ਤੇ ਸਵਾਰ ਹੋ ਕੇ 6 ਲੋਕ ਨਿਕਲੇ ਸਨ, ਜਿਨ੍ਹਾਂ 'ਚ 2 ਬੱਚੇ ਵੀ ਸਨ। ਜਿਉਂ ਹੀ ਕਾਰ ਦੁੱਗਰੀ ਪੁਲ ਕੋਲ ਪਹੁੰਚੀ ਤਾਂ ਸਪੀਡ ਜ਼ਿਆਦਾ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਦੂਜੇ ਪਾਸੇ ਤੋਂ ਆ ਰਹੀਆਂ ਦੋ ਕਾਰਾਂ ਅਤੇ ਛੋਟੇ ਹਾਥੀ ਨਾਲ ਜਾ ਟਕਰਾਈ। ਹਾਦਸੇ 'ਚ ਚਾਲਕ ਕਮਲਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਪਿਛਲੀ ਸੀਟ 'ਤੇ ਬੈਠੇ ਸਵਰਨ ਸਿੰਘ, ਗੁਰਮੁੱਖ ਸਿੰਘ ਅਤੇ ਬੱਚੇ ਜਸ਼ਨਪ੍ਰੀਤ ਸਿੰਘ, ਜਸਕੋਮਲ ਸਿੰਘ ਵਾਲ-ਵਾਲ ਬਚ ਗਏ। ਉਥੇ ਮੁੱਖ ਅਤੇ ਸਵਰਨ ਨੂੰ ਸੱਟਾਂ ਲੱਗੀਆਂ ਹੋਣ ਕਾਰਨ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਦੁਪਹਿਰ 12 ਵਜੇ ਕਰੀਬ ਘਟੀ ਇਸ ਘਟਨਾ ਨੂੰ ਦੇਖਣ ਵਾਲਿਆਂ ਨੇ ਦੱਸਿਆ ਕਿ ਜ਼ੈੱਨ ਕਾਰ ਦੀ ਓਵਰਸਪੀਡ ਕਾਰਨ ਐਕਸੀਡੈਂਟ ਹੋਇਆ। ਬੇਕਾਬੂ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਗੱਡੀਆਂ ਨਾਲ ਜਾ ਟਕਰਾਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪਹੁੰਚੀ ਇਲਾਕਾ ਪੁਲਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਸ ਦੁਰਘਟਨਾ ਨਾਲ ਟੈਂਪੂ ਦੇ ਨਾਲ-ਨਾਲ ਦੋ ਕਾਰਾਂ ਦਾ ਵੀ ਨੁਕਸਾਨ ਹੋਇਆ। ਹਾਲਾਂਕਿ ਉਨ੍ਹਾਂ 'ਚ ਬੈਠੇ ਸਵਾਰ ਬਚ ਗਏ।