ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਨਾਲ 2 ਦੀ ਮੌਤ, 39 ਦੀ ਰਿਪੋਰਟ ਪਾਜ਼ੇਟਿਵ

11/09/2020 10:19:35 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 39 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 1121 ਦੇ ਕਰੀਬ ਰਿਪੋਰਟਾਂ ’ਚੋਂ 39 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 13172 ਹੋ ਗਈ ਹੈ। ਅੱਜ 39 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 12452 ਹੋ ਗਈ ਹੈ। ਅੱਜ ਜ਼ਿਲੇ ’ਚ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 335 ਹੈ।

ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ 39 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 26, ਸਮਾਣਾ ਤੋਂ 1, ਨਾਭਾ ਤੋਂ 2, ਰਾਜਪੁਰਾ ਤੋਂ 5, ਬਲਾਕ ਦੁੱਧਣਸਾਧਾਂ ਤੋਂ 2, ਬਲਾਕ ਭਾਦਸੋਂ ਤੋਂ 1, ਬਲਾਕ ਕਾਲੋਮਾਜਰਾ ਤੋਂ 1 ਅਤੇ ਬਲਾਕ ਸ਼ੁਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 4 ਪਾਜ਼ੇਟਿਵ ਕੇਸ਼ਾਂ ਦੇ ਸੰਪਰਕ ’ਚ ਅਤੇ 35 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।

ਵਿਸਥਾਰ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਪੰਜਾਬੀ ਬਾਗ, ਸਰਹਿੰਦੀ ਗੇਟ, ਆਫੀਸਰ ਐਨਕਲੇਵ, ਏਕਤਾ ਵਿਹਾਰ, ਚਰਨ ਬਾਗ, ਢਿੱਲੋਂ ਮਾਰਗ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਅਰਬਨ ਅਸਟੇਟ ਫੇਜ਼-2, ਰਣਬੀਰ ਮਾਰਗ, ਮਜੀਠੀਆ ਐਨਕਲੇਵ, ਮਾਡਲ ਟਾਊਨ, ਨਾਭਾ ਦੇ ਬੌਡ਼ਾਂ ਗੇਟ, ਹਰੀ ਦਾਸ ਕਾਲੋਨੀ, ਸਮਾਣਾ ਦੇ ਕ੍ਰਿਸ਼ਨਾ ਬਸਤੀ ਅਤੇ ਰਾਜਪੁਰਾ ਤੋਂ ਭਾਰਤ ਕਾਲੋਨੀ, ਰਾਜਪੁਰਾ ਟਾਊਨ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 2 ਕੋਵਿਡ ਪਾਜ਼ੇਟਿਵ ਕੇਸ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ ਇਕ ਪਟਿਆਲਾ ਸ਼ਹਿਰ ਤੋਂ ਪੰਜਾਬੀ ਬਾਗ ਦਾ ਰਹਿਣ ਵਾਲਾ 79 ਸਾਲਾ ਪੁਰਸ਼ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ। ਦੂਸਰੀ ਪਿੰਡ ਤਰਖਾਣ ਮਾਜਰਾ (ਬਲਾਕ ਸ਼ੁੱਤਰਾਣਾ) ਦੀ ਰਹਿਣ ਵਾਲੀ 47 ਸਾਲਾ ਔਰਤ ਪੁਰਾਣੀ ਸ਼ੂਗਰ ਦੀ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

ਅੱਜ ਵੀ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 1820 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,07,244 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 13,172 ਕੋਵਿਡ ਪਾਜ਼ੇਟਿਵ, 1,92,462 ਨੈਗੇਟਿਵ ਅਤੇ ਲਗਭਗ 1210 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ ਦੀ ਅਧਿਆਪਕ ਆਈ ਪਾਜ਼ੇਟਿਵ

ਪਟਿਆਲਾ, (ਪਰਮੀਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ ਮਾਡਲ ਟਾਊਨ ਦੀ ਅਧਿਆਪਕ ਕੋਰੋਨਾ ਪਾਜ਼ੇਟਿਵ ਆ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਹਰਵਿੰਦਰ ਕੌਰ ਨੇ ਦੱਸਿਆ ਕਿ ਮਹਿਲਾ ਅਧਿਆਪਕ ਕੋਰੋਨਾ ਪਾਜ਼ੇਟਿਵ ਆਈ ਹੈ, ਜੋ ਕਿ ਆਪਣੇ ਪਤੀ ਦੇ ਪਾਜ਼ੇਟਿਵ ਆਉਣ ਮਗਰੋਂ ਉਨ੍ਹਾਂ ਦੇ ਸੰਪਰਕ ’ਚ ਆਉਣ ਕਾਰਣ ਪਾਜ਼ੇਟਿਵ ਆ ਗਈ ਹੈ। ਵਿਭਾਗੀ ਨਿਯਮਾਂ ਮੁਤਾਬਕ ਅਗਲੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਕੂਲ ’ਚ ਅਠਵੀਂ ਦੇ ਵਿਦਿਆਰਥੀ ਸੱਦਣ ਦਾ ਵੀ ਖੰਡਨ ਕੀਤਾ।

ਇਸ ਦੌਰਾਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਇਕ ਅਧਿਆਪਕ ਦੇ ਪਾਜ਼ੇਟਿਵ ਆਉਣ ’ਤੇ ਸਕੂਲ ਹੀ ਬੰਦ ਕਰ ਦਿੱਤਾ ਜਾਵੇ। ਪਾਜ਼ੇਟਿਵ ਆਉਣ ਵਾਲੇ ਨੂੰ ਨਿਯਮਾਂ ਮੁਤਾਬਕ ਇਕਾਂਤਵਾਸ ਕੀਤਾ ਜਾਂਦਾ ਹੈ। ਸਕੂਲ ਜਾਂ ਜਿਹਡ਼ਾ ਵੀ ਅਦਾਰਾ ਹੋਵੇ, ਉਸ ਦੀ ਸੈਨੇਟਾਈਜੇਸ਼ਨ ਕਰਵਾਈ ਜਾਂਦੀ ਹੈ।

Bharat Thapa

This news is Content Editor Bharat Thapa