ਸੜਕ ਹਾਦਸੇ ''ਚ 2 ਦੀ ਮੌਤ
Monday, Apr 30, 2018 - 01:11 AM (IST)

ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)- ਬੀਤੀ ਰਾਤ ਸਾਢੇ 9 ਵਜੇ ਦੇ ਕਰੀਬ ਧੂਰੀ ਰੋਡ ਦੇ ਨੇੜੇ ਸਥਿਤ ਸੰਗਲਾ-ਸੰਗਾਲੀ ਵਿਖੇ ਮੋਟਰਸਾਈਕਲ ਤੇ ਮਹਿੰਦਰਾ ਪਿਕਅਪ ਦੀ ਆਹਮੋ-ਸਾਹਮਣੀ ਟੱਕਰ 'ਚ ਮੋਟਰਸਾਈਕਲ 'ਤੇ ਸਵਾਰ ਤਿੰਨ ਵਿਅਕਤੀਆਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦਿਨ 'ਚ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਉਕਤ ਵਿਅਕਤੀ ਨੇੜਲੇ ਪਿੰਡ ਮਾਣਕਮਾਜਰੇ ਵਿਖੇ ਨਵੇਂ ਬਣ ਰਹੇ ਸਕੂਲ 'ਚ ਰਗੜਾਈ ਦਾ ਕੰਮ ਕਰਨ ਗਏ ਸਨ ਤੇ ਰਾਤ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਣਕਮਾਜਰੇ ਵੱਲ ਨੂੰ ਜਾ ਰਹੇ ਸਨ ਕਿ ਪਿੰਡ ਭੈਣੀ ਖੁਰਦ ਨੇੜੇ ਪੁੱਜੇ ਸਨ ਕਿ ਧੂਰੀ ਤੋਂ ਮਾਲੇਰਕੋਟਲਾ ਨੂੰ ਆ ਰਹੀ ਤੇਜ਼ ਰਫਤਾਰ ਪਿਕਅਪ ਗੱਡੀ ਦੀ ਲਪੇਟ 'ਚ ਆ ਗਏ। ਉਕਤ ਮੋਟਰਸਾਈਕਲ ਨੂੰ ਕਰਮਵੀਰ ਚਲਾ ਰਿਹਾ ਸੀ ਤੇ ਉਸ ਦੇ ਪਿੱਛੇ ਰਾਜੂ ਤੇ ਸੂਰਜ ਬੈਠੇ ਸਨ। ਉਕਤ ਹਾਦਸੇ 'ਚ ਰਾਜੂ (28) ਤੇ ਕਰਮਵੀਰ (22) ਜੋ ਕਿ ਯੂ.ਪੀ. ਨਾਲ ਸਬੰਧਤ ਸਨ, ਦੀ ਮੌਤ ਹੋ ਗਈ ਤੇ ਸੂਰਜ ਪੁੱਤਰ ਰਾਮ ਅਵਤਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਦੀ ਟੀਮ ਨੇ ਰੈਫਰ ਕਰ ਦਿੱਤਾ।
ਪੁਲਸ ਥਾਣਾ ਅਮਰਗੜ੍ਹ ਅਧੀਨ ਪੈਂਦੀ ਪੁਲਸ ਚੌਕੀ ਹਿੰਮਤਾਨਾ ਦੇ ਇੰਚਾਰਜ ਸਹਾਇਕ ਥਾਣੇਦਾਰ ਪਵਿੱਤਰ ਸਿੰਘ ਦੇ ਹਵਾਲੇ ਨਾਲ ਪੁਲਸ ਅਧਿਕਾਰੀ ਸੁਖਵਿੰਦਰ ਸਿਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਚਲਦਿਆਂ ਹੀ ਉਹ ਘਟਨਾ ਸਥਾਨ 'ਤੇ ਪੁੱਜੇ ਤੇ ਪਿਕਅਪ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਤੇ ਉਕਤ ਗੱਡੀ ਦਾ ਡਰਾਈਵਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਪੁਲਸ ਨੇ ਊਮਾ ਸ਼ੰਕਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਕਰ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।