ਨਸ਼ੇ ਵਾਲੀਆਂ ਗੋਲੀਆਂ ਤੇ ਹੈਰੋਇਨ ਸਮੇਤ 2 ਗ੍ਰਿਫਤਾਰ

03/25/2018 3:19:34 AM

ਸੁਲਤਾਨਪੁਰ ਲੋਧੀ,  (ਧੀਰ)-  ਪੁਲਸ ਨੇ ਇਕ ਔਰਤ ਤੇ ਇਕ ਹੋਰ ਸਮੱਗਲਰ ਦੇ ਕੋਲੋਂ ਲੱਖਾਂ ਰੁਪਏ ਦੀ ਹੈਰੋਇਨ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਡੱਲਾ, ਏ. ਐੱਸ. ਆਈ. ਸੁਖਦੇਵ ਸਿੰਘ, ਐੱਚ. ਸੀ. ਬਲਵੰਤ ਸਿੰਘ, ਐੱਚ. ਸੀ. ਸ਼ਿੰਗਾਰਾ ਸਿੰਘ ਲੇਡੀ ਕਾਂਸਟੇਬਲ ਰਾਜਬੀਰ ਕੌਰ ਦੇ ਨਾਲ ਸਪੈਸ਼ਲ ਪੈਟਰੋਲਿੰਗ ਗਸ਼ਤ ਕਰਦੇ ਹੋਏ ਪਿੰਡ ਤੋਤੀ ਵੱਲ ਨੂੰ ਜਾ ਰਹੇ ਸਨ ਤਾਂ ਪਿੰਡ ਸ਼ੇਰਪੁਰ ਦੋਨਾਂ ਲਿੰਕ ਸੜਕ ਤੋਂ ਇਕ ਔਰਤ ਨੂੰ ਪੈਦਲ ਆਉਂਦੇ ਵੇਖਿਆ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗੀ ਤਾਂ ਲੇਡੀ ਕਾਂਸਟੇਬਲ ਰਾਜਬੀਰ ਕੌਰ ਨੇ ਦੌੜ ਕੇ ਉਸ ਨੂੰ ਕਾਬੂ ਕਰ ਲਿਆ। ਨਾਂ ਪਤਾ ਪੁੱਛਣ 'ਤੇ ਉਸ ਨੇ ਆਪਣਾ ਨਾਂ ਪਰਮਜੀਤ ਕੌਰ ਉਰਫ ਪੰਮੀ ਪਤਨੀ ਬਲਕਾਰ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਜਿਸ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਤਾਂ ਉਸ ਪਾਸੋਂ ਬਰਾਮਦ ਲਿਫਾਫੇ 'ਚੋਂ 20 ਗ੍ਰਾਮ ਹੈਰੋਇਨ ਤੇ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 
ਇਸ ਤਰ੍ਹਾਂ ਏੇ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਹਰਜਿੰਦਰ ਸਿੰਘ, ਐੱਚ. ਸੀ. ਅਰਵਿੰਦਰਜੀਤ ਸਿੰਘ, ਪੀ. ਐੱਚ. ਜੀ. ਅਮਰਜੀਤ ਸਿੰਘ ਦੇ ਨਾਲ ਸਪੈਸ਼ਲ ਗਸ਼ਤ ਕਰਦੇ ਹੋਏ ਪਿੰਡ ਲਾਟੀਆਂਵਾਲ ਦੇ ਨਜ਼ਦੀਕ ਪੁੱਜੇ ਤਾਂ ਇਕ ਪੈਦਲ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਨੇ ਆਪਣਾ ਨਾਂ ਮਨਜੋਧ ਸਿੰਘ ਉਰਫ ਯੋਧਾ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਕਾਹਣਾ ਥਾਣਾ ਫੱਤੂਢੀਂਗਾ ਦੱਸਿਆ, ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪਾਸੋਂ ਪੁਲਸ ਦੀ ਪੁੱਛਗਿੱਛ ਜਾਰੀ ਹੈ ਤੇ ਹੋਰ ਅਹਿਮ ਖੁਲਾਸੇ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਇਸ ਮੌਕੇ ਏ. ਐੱਸ. ਆਈ. ਕਿਰਪਾਲ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਐੱਚ. ਸੀ. ਰਜਿੰਦਰ ਸਿੰਘ, ਲੇਡੀ ਕਾਂਸਟੇਬਲ ਰਾਜਬੀਰ ਕੌਰ ਆਦਿ ਵੀ ਹਾਜ਼ਰ ਸਨ।