18 ਸਾਲ ਦੀ ਉਮਰ ਪੂਰੀ ਕਰ ਚੁੱਕਾ ਵਿਅਕਤੀ ਵੋਟ ਬਣਾਉਣ ਤੋਂ ਨਾ ਰਹੇ ਵਾਂਝਾ : ਡੀ. ਸੀ.

09/16/2017 3:17:07 PM


ਫਾਜ਼ਿਲਕਾ/ਜਲਾਲਾਬਾਦ (ਲੀਲਾਧਰ, ਨਾਗਪਾਲ, ਬਜਾਜ) - ਚੋਣ ਕਮਿਸ਼ਨ ਵੱਲੋਂ 1 ਜਨਵਰੀ 2018 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ 'ਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਅਕਤੂਬਰ 2017 ਤੋਂ 2 ਨਵੰਬਰ 2017 ਤੱਕ ਕੀਤੀ ਜਾ ਰਹੀ ਹੈ। ਇਸ ਮਿਤੀ ਤੋਂ ਇਹ ਵੋਟਰ ਸੂਚੀਆਂ ਜ਼ਿਲਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਆਮ ਜਨਤਾ ਦੇ ਵੇਖਣ ਲਈ ਮੁਹੱਈਆ ਹੋਣਗੀਆਂ। ਇਸ ਦੌਰਾਨ ਦਾਅਵੇ ਅਤੇ ਇਤਰਾਜ਼ ਵੀ ਲਏ ਜਾਣਗੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ 7 ਤੇ 14 ਅਕਤੂਬਰ 2017 ਨੂੰ ਬੀ. ਐੱਲ. ਓਜ਼. ਆਪਣੇ ਪੋਲਿੰਗ ਏਰੀਏ 'ਚ ਪਤਵੰਤੇ ਨਾਗਰਿਕਾਂ ਦੀ ਹਾਜ਼ਰੀ 'ਚ ਵੋਟਰ ਸੂਚੀ ਪੜ੍ਹਕੇ ਸੁਣਾਉਣਗੇ।ਕੋਈ ਵੀ ਵਿਅਕਤੀ ਜਿਸਦੀ ਉਮਰ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਅਤੇ ਉਸਦੀ ਵੋਟ ਅਜੇ ਤੱਕ ਨਹੀਂ ਬਣੀ ਤਾਂ ਉਹ ਆਪਣੀ ਵੋਟ ਬਣਾਉਣ ਵਾਸਤੇ ਫਾਰਮ ਨੰ. 6 (ਸਮੇਤ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਤੇ ਉਮਰ ਸਬੰਧੀ ਦਸਤਾਵੇਜ਼) 'ਚ ਆਪਣਾ ਦਾਅਵਾ ਪੇਸ਼ ਕਰੇਗਾ। ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟਰ ਦੇ ਵੇਰਵਿਆਂ 'ਚ ਦਰੁੱਸਤੀ ਲਈ ਫਾਰਮ ਨੰ. 8 ਅਤੇ ਵਿਧਾਨ ਸਭਾ ਹਲਕੇ ਅੰਦਰ ਰਿਹਾਇਸ਼ ਤਬਦੀਲੀ ਦੀ ਸੂਰਤ 'ਚ ਫਾਰਮ ਨੰ: 8 ਓ ਭਰਿਆ ਜਾ ਸਕਦਾ ਹੈ। 

ਜ਼ਿਲੇ ਅੰਦਰ ਪੈਂਦੇ ਚਾਰ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ, ਜਲਾਲਾਬਾਦ, ਫਾਜ਼ਿਲਕਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ, ਫਾਜ਼ਿਲਕਾ ਤੇ ਸਬੰਧਤ ਤਹਿਸੀਲਦਾਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਤੇ ਅਬੋਹਰ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ, ਅਬੋਹਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਖੂਈਆਂ ਸਰਵਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਵਿਧਾਨ ਸਭਾ ਚੋਣ ਹਲਕਾ ਬਲੂਆਣਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ, ਫਾਜ਼ਿਲਕਾ ਅਤੇ ਤਹਿਸੀਲਦਾਰ ਅਬੋਹਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਹਨ।