15 ਸਾਲ ਬਾਅਦ ਸੁਖਬੀਰ ਬਾਦਲ ਦੀ ਕੇਂਦਰੀ ਸਿਆਸਤ ’ਚ ਮੁੜ ਐਂਟਰੀ

04/23/2019 2:41:31 PM

ਜਲੰਧਰ (ਜਸਬੀਰ ਵਾਟਾਂ ਵਾਲੀ) 10 ਸਾਲ ਉਪ ਮੁੱਖ ਮੰਤਰੀ ਰਹਿਣ ਅਤੇ 15 ਸਾਲ ਕੇਂਦਰ ਦੀ ਸਿਆਸਤ ਵਿਚ ਸਰਗਰਮ ਰਹਿਣ ਤੋਂ ਬਾਅਦ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਕੇਂਦਰ ਦੀ ਸਿਆਸਤ ਵਿਚ ਸਰਗਰਮ ਹੋਣ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ਉਸ ਮੌਕੇ ਹੋਇਆ ਜਦੋਂ ਅਕਾਲੀ ਦਲ ਨੇ ਅੱਜ ਬਠਿੰਡਾ ਅਤੇ ਫਿਰੋਜ਼ਪੁਰ ਸੀਟ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਬਠਿੰਡਾ ਸੀਟ ਤੋਂ ਉਸਨੇ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਵਿਚ ਉਤਾਰਿਆ, ਉੱਥੇ ਹੀ ਫਿਰੋਜ਼ਪੁਰ ਸੀਟ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਚੋਣ ਮੈਦਾਨ ਵਿਚ ਉੱਤਰੇ ਹਨ। ਸੁਖਬੀਰ ਸਿੰਘ ਬਾਦਲ ਪਿਛਲੇ 15 ਸਾਲਾਂ ਤੋਂ ਲਗਾਤਾਰ ਸੂਬੇ ਦੀ ਸਿਆਸਤ ਵਿਚ ਸਰਗਰਮ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਨਹੀਂ ਲੜੀ। ਹੁਣ ਇਕ ਫਿਰ ਉਹ ਖੁਦ ਨੂੰ ਕੇਂਦਰੀ ਸਿਆਸਤ ਵਿਚ ਅਜਮਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 4 ਵਾਰ ਲੋਕ ਸਭਾ ਚੋਣਾਂ ਲੜੀਆਂ ਸਨ, ਜਿਸ ਵਿਚ ਉਨ੍ਹਾਂ ਨੇ ਤਿੰਨ ਵਾਰ ਜਿੱਤ ਹਾਸਲ ਕੀਤੀ ਅਤੇ ਇਕ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 1999 ਵਿਚ ਉਨ੍ਹਾਂ ਦੀ ਇਹ ਹਾਰ ਜਗਮੀਤ ਸਿੰਘ ਬਰਾੜ ਦੇ ਹੱਥੋਂ ਹੋਈ ਸੀ। ਸੁਖਬੀਰ ਸਿੰਘ ਬਾਦਲ ਨੇ ਸਾਲ 1996 'ਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੀ ਪਹਿਲੀ ਲੋਕ ਸਭਾ ਚੋਣ ਫਰੀਦਕੋਟ ਤੋਂ ਕਾਂਗਰਸ ਦੀ ਉਮੀਦਵਾਰ ਕੰਵਲਜੀਤ ਕੌਰ ਖਿਲਾਫ ਲੜੀ ਸੀ, ਜਿਸ ਵਿਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ।

 ਸਾਲ 2008 ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸੂਬੇ ਦੀ ਸਿਆਸਤ ਵਿਚ ਸਰਗਰਮ ਹੋ ਗਏ ਅਤੇ ਅਤੇ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2009 'ਚ ਸੁਖਬੀਰ ਬਾਦਲ ਨੂੰ ਜਦੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਤਾਂ ਉਸ ਸਮੇਂ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਹੀਂ ਸਨ। ਚੋਣ ਪ੍ਰਕਿਰਿਆ ਵਿਚ ਦੇਰੀ ਹੋਣ ਕਾਰਨ 6 ਮਹੀਨਿਆਂ ਬਾਅਦ ਵੀ ਜਦੋਂ ਉਹ ਵਿਧਾਨ ਸਭਾ ਵਿਚ ਮੈਂਬਰੀ ਪੇਸ਼ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਸਾਲ 2009 'ਚ ਸ਼ੇਰ ਸਿੰਘ ਘੁਬਾਇਆ ਵੱਲੋਂ ਸੀਟ ਛੱਡੇ ਜਾਣ ਤੋਂ ਬਾਅਦ ਉਨ੍ਹਾਂ ਨੇ ਜਲਾਲਾਬਾਦ ਤੋਂ ਵਿਧਾਨ ਸਭਾ ਦੀ ਉੱਪ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸਾਲ 2009 'ਚ ਉਹ ਮੁੜ ਉੱਪ ਮੁੱਖ ਮੰਤਰੀ ਬਣੇ। ਕੇਂਦਰ ਵਿਚ 1998 ਤੋਂ 1999 ਵਾਜਪਾਈ ਸਰਕਾਰ ਮੌਕੇ ਉਹ ਉਦਯੋਗ ਰਾਜ ਮੰਤਰੀ ਵੀ ਰਹੇ। ਇਸ ਤੋਂ ਬਾਅਦ ਸਾਲ 2001 ਤੋਂ 2004 ਤਕ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ। ਸੁਖਬੀਰ ਬਾਦਲ ਹੁਣ ਇਕ ਵਾਰ ਫਿਰ ਕੇਂਦਰ  ਸਿਆਸਤ ਵਿਚ ਐਂਟਰੀ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਨੂੰ ਕੇਂਦਰ ਦੀ ਸਿਆਸਤ ਮੁੜ ਰਾਸ ਆਵੇਗੀ ਜਾਂ ਨਹੀਂ।

jasbir singh

This news is News Editor jasbir singh