ਲੁਧਿਆਣਾ 'ਚ 15 ਹਜ਼ਾਰ ਕਰਫਿਊ ਪਾਸ ਰੱਦ, ਬੇਵਜ੍ਹਾ ਘੁੰਮ ਰਹੇ ਲੋਕਾਂ ਨੂੰ ਭੇਜਿਆ ਜੇਲ

03/31/2020 9:42:02 PM

ਲੁਧਿਆਣਾ, (ਰਿਸ਼ੀ)- ਅਮਰਪੁਰਾ 'ਚ 42 ਸਾਲ ਦੀ ਔਰਤ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਪੁਲਸ ਵੱਲੋਂ ਕਰਫਿਊ 'ਚ ਸਖਤੀ ਕਰ ਦਿੱਤੀ ਗਈ ਹੈ। ਮੰਗਲਵਾਰ ਨੂੰ ਡੀ. ਸੀ. ਪੀ. ਅਸ਼ਵਨੀ ਕਪੂਰ, ਡੀ. ਸੀ. ਪੀ. ਸੁਖਪਾਲ ਸਿੰਘ ਬਰਾੜ ਖੁਦ ਸੜਕਾਂ 'ਤੇ ਨਜ਼ਰ ਆਏ, ਜਿਨ੍ਹਾਂ ਨੇ ਸਾਰਾ ਦਿਨ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਕੇ ਬੇਵਜ੍ਹਾ ਘਰਾਂ ਤੋਂ ਬਾਹਰ ਸੜਕਾਂ 'ਤੇ ਘੁੰਮ ਰਹੇ ਲਗਭਗ 100 ਵਿਅਕਤੀਆਂ ਨੂੰ ਦਬੋਚਿਆ, ਜਿਨ੍ਹਾਂ ਨੂੰ ਪੁਲਸ ਨੇ ਆਪਣੀ ਵੈਨ 'ਚ ਹੀ ਅਸਥਾਈ ਜੇਲ ਪਹੁੰਚਾਇਆ। ਇਨ੍ਹਾਂ 'ਚ ਔਰਤਾਂ ਵੀ ਸਨ।


ਡੀ. ਸੀ. ਪੀ. ਅਸ਼ਵਨੀ ਕਪੂਰ ਮੁਤਾਬਕ 8 ਦਿਨਾਂ 'ਚ ਹੀ ਨਿਗਮ, ਸਰਪੰਚਾਂ, ਕੌਂਸਲਰਾਂ, ਮੰਡੀ ਬੋਰਡ ਅਤੇ ਲੰਗਰ ਵੰਡਣ ਵਾਲੀ ਐੱਨ. ਜੀ. ਓ. ਵੱਲੋਂ ਆਪਣੇ ਪੱਧਰ 'ਤੇ ਲੱਗਭਗ 15 ਹਜ਼ਾਰ ਪਾਸ ਬਣਾ ਦਿੱਤੇ ਗਏ, ਜਦਕਿ ਪੁਲਸ ਅਫਸਰਾਂ ਵੱਲੋਂ ਵੀ ਪਾਸ ਬਣਾਏ ਗਏ ਹਨ। ਕਰਫਿਊ 'ਚ ਵੀ ਸੜਕਾਂ 'ਤੇ ਇੰਨੀ ਭੀੜ ਦੇਖ ਕੇ ਉਪਰੋਕਤ ਕਦਮ ਚੁੱਕੇ ਗਏ ਹਨ। ਪੁਲਸ ਵੱਲੋਂ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ।ਹੁਣ ਲੋੜਵੰਦ ਆਨਲਾਈਨ ਪਾਸ ਅਪਲਾਈ ਕਰ ਸਕਦਾ ਹੈ। ਪੁਲਸ ਵੱਲੋਂ ਆਪਣੇ ਪੱਧਰ 'ਤੇ ਜਾਂਚ ਕੀਤੀ ਜਾਵੇਗੀ, ਜੇਕਰ ਲੋੜ ਪਈ ਤਾਂ ਪਾਸ ਬਣਾ ਕੇ ਦਿੱਤਾ ਜਾਵੇਗਾ। ਪੁਲਸ ਮੁਤਾਬਕ ਜੇਕਰ ਕੋਈ ਆਨ ਲਾਈਨ ਡਲਿਵਰੀ ਦਾ ਕੰਮ ਕਰ ਰਿਹਾ ਹੈ ਤਾਂ ਉਹ ਵੀ ਸੜਕ 'ਤੇ ਉਦੋਂ ਉੱਤਰ ਸਕਦਾ ਹੈ, ਜਦੋਂ ਉਸ ਦੇ ਮੋਬਾਇਲ 'ਚ ਆਰਡਰ ਹੋਵੇਗਾ।

ਡੀ. ਸੀ. ਪੀ. ਨੇ ਉਤਾਰੇ ਕਾਰਾਂ ਤੋਂ ਸਟਿੱਕਰ, ਸੀ. ਪੀ. ਨੂੰ ਕੀਤੇ ਸੈਂਡ


ਡੀ. ਸੀ. ਪੀ. ਅਸ਼ਵਨੀ ਕਪੂਰ ਵੱਲੋਂ ਸਖਤ ਰਵੱਈਆ ਅਪਣਾਉਂਦੇ ਹੋਏ ਕਈ ਕਾਰਾਂ 'ਤੇ ਨਾਜਾਇਜ਼ ਰੂਪ ਨਾਲ ਲੱਗੇ ਸਟਿੱਕਰ ਨੂੰ ਖੁਦ ਉਤਾਰਿਆ ਗਿਆ ਅਤੇ ਪੁਲਸ ਕਮਿਸ਼ਨਰ ਨੂੰ ਮੋਬਾਇਲ 'ਤੇ ਸੈਂਡ ਕੀਤਾ ਗਿਆ, ਤਾਂ ਜੋ ਪਤਾ ਲਗ ਸਕੇ ਕਿ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਹੈ। ਪੁਲਸ ਦੇ ਸਾਹਮਣੇ ਕਈ ਅਜਿਹੇ ਕੇਸ ਆਏ, ਜਿਸ ਵਿਚ ਲੋਕਾਂ ਦੀਆਂ ਕਾਰਾਂ 'ਤੇ ਸਟਿੱਕਰ ਲੱਗੇ ਹੋਏ ਸਨ ਪਰ ਕਿਸ ਕਾਰਣ ਬਣਾਇਆ ਗਿਆ। ਪਤਾ ਵੀ ਨਹੀਂ ਸੀ, ਜਦੋਂਕਿ ਕਈਆਂ ਵੱਲੋਂ ਇਕ ਪਾਸ ਦੀ ਫੋਟੋ ਸਟੇਟ ਕਰਵਾ ਕੇ ਕਈ ਕਾਰਾਂ 'ਤੇ ਲਗਾਈ ਗਈ ਸੀ। ਲੰਗਰ ਵੰਡਣ ਦੇ ਨਾਮ 'ਤੇ ਵੀ ਨੌਜਵਾਨ ਬਾਜ਼ਾਰਾਂ ਵਿਚ ਘੁੰਮ ਰਹੇ ਸਨ, ਜੇਕਰ ਹੁਣ ਵੀ ਲੁਧਿਆਣਵੀ ਨਾ ਮੰਨੇ ਤਾਂ ਐੱਫ. ਆਈ. ਆਰ. ਦਰਜ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ।

ਲੰਗਰ ਵੰਡਣ ਵਾਲੀ ਐੱਨ. ਜੀ. ਓ. ਤਕ ਪੁੱਜੀ ਪੁਲਸ
ਪੁਲਸ ਵੱਲੋਂ ਲੰਗਰ ਵੰਡਣ ਵਾਲੀ ਐੱਨ. ਜੀ. ਓ. ਨੂੰ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਉਹ ਸੇਵਾ ਕਰਨਾ ਚਾਹੁੰਦੇ ਹਨ ਤਾਂ ਲੰਗਰ ਤਿਆਰ ਕਰ ਕੇ ਪੁਲਸ ਨੂੰ ਦੱਸ ਦੇਣ। ਪੁਲਸ ਵੱਲੋਂ ਆਪਣੀ ਟੀਮ ਭੇਜੀ ਜਾਵੇਗੀ, ਜਿਨ੍ਹਾਂ ਦੇ ਨਾਲ ਜਾ ਕੇ ਐੱਨ. ਜੀ. ਓ. ਮੈਂਬਰ ਲੰਗਰ ਵੰਡ ਸਕਣਗੇ। ਨਾਲ ਹੀ ਐੱਨ. ਜੀ. ਓ. ਵੱਲੋਂ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਪਾਸ ਬਣਾਇਆ ਜਾਵੇਗਾ ਪਰ ਉਸ ਦਾ ਵੀ ਸਮਾਂ ਤੈਅ ਹੋਵੇਗਾ।

Bharat Thapa

This news is Content Editor Bharat Thapa