ਹਾਲ-ਏ-ਪੰਜਾਬ! 14 ਸਾਲਾ ਬੱਚੇ ਨੂੰ ਜ਼ਬਰਦਸਤੀ ਚਿੱਟੇ 'ਤੇ ਲਾਇਆ, ਸੁਣੋ ਨਾਬਾਲਿਗ ਦੇ ਹੈਰਾਨੀਜਨਕ ਖ਼ੁਲਾਸੇ

10/10/2022 4:50:18 PM

ਨਾਭਾ : ਪੰਜਾਬ ਵਿਚ ਨਸ਼ੇ ਦੇ ਸੌਦਾਗਰਾਂ ਦਾ ਫੈਲਾਇਆ ਮਕੜਜਾਲ ਨੌਜਵਾਨਾਂ ਦੇ ਨਾਲ-ਨਾਲ ਹੁਣ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰਨ ਲੱਗ ਪਿਆ ਹੈ। ਇਸ ਗੱਲ ਦਾ ਅੰਦਾਜ਼ਾ ਨਾਭਾ ਤੋਂ ਸਾਹਮਣੇ ਆਏ ਇਕ ਮਾਮਲੇ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿਚ ਇਕ 14 ਸਾਲਾ ਬੱਚੇ ਨੂੰ 26 ਕੁ ਸਾਲ ਦੇ ਨੌਜਵਾਨ ਨੇ ਜ਼ਬਰਦਸਤੀ ਨਸ਼ੇ ਦਾ ਆਦੀ ਬਣਾ ਲਿਆ। ਬੱਚਾ ਨੌਵੀਂ ਜਮਾਤ ਵਿਚ ਪੜ੍ਹਦਾ ਹੈ ਅਤੇ ਉਕਤ ਨੌਜਵਾਨ ਉਸ ਨੂੰ ਸਕੂਲ ਤੋਂ ਲਿਜਾ ਕੇ ਨਸ਼ੇ ਕਰਵਾਉਂਦਾ ਸੀ। ਨਾਬਾਲਿਗ ਨੇ ਆਪਣੇ ਚਾਚੇ ਦੇ ਨਾਲ ਪੁਲਸ ਨੂੰ ਮਾਮਲੇ ਬਾਰੇ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।

ਇਹ ਖਬਰ ਵੀ ਪੜ੍ਹੋ - ਭੈਣ ਦੀ ਲਵ-ਮੈਰਿਜ ਤੋਂ ਖ਼ਫਾ ਭਰਾ ਨੇ ਖੋਹਿਆ ਆਪਾ, ਜੀਜੇ ਨੂੰ ਘੇਰਾ ਪਾ ਕੇ ਕੀਤੀ ਵੱਢ-ਟੁੱਕ, ਦੇਖੋ ਵੀਡੀਓ

ਪੀੜਤ ਬੱਚੇ ਨੇ 'ਜਗ ਬਾਣੀ' ਨਾਲ ਆਪਣੀ ਪੂਰੀ ਹੱਡਬੀਤੀ ਸਾਂਝੀ ਕੀਤੀ ਹੈ ਕਿ ਕਿੰਝ ਉਸ ਨੂੰ ਧੱਕੇ ਨਾਲ ਇਸ ਦਲਦਲ ਵਿਚ ਫਸਾਇਆ ਗਿਆ। ਉਸ ਨੇ ਦੱਸਿਆ ਕਿ ਇਕ ਦਿਨ ਪਰਮਵੀਰ ਨਾਂ ਦਾ ਇਕ 26-27 ਸਾਲ ਦਾ ਨੌਜਵਾਨ ਉਸ ਨੂੰ ਗੱਲਾਂ 'ਚ ਲਗਾ ਕੇ ਸਕੂਲ ਤੋਂ ਆਪਣੇ ਨਾਲ ਲੈ ਗਿਆ। ਇਕ ਮੈਦਾਨ ਵਿਚ ਲਿਜਾ ਕੇ ਉਸ ਨੇ ਜ਼ਬਰਦਸਤੀ ਉਸ ਦੇ ਨਸ਼ੇ ਵਾਲਾ ਟੀਕਾ ਲਗਾ ਦਿੱਤਾ। ਇਸ ਘਟਨਾ ਤੋਂ ਬਾਅਦ ਨੌਜਵਾਨ ਉਸ ਬੱਚੇ ਨੂੰ ਇਹ ਕਹਿ ਕੇ ਡਰਾਉਣ ਲੱਗ ਗਿਆ ਕਿ ਜੇਕਰ ਉਹ ਉਸ ਨਾਲ ਨਾ ਗਿਆ ਤਾਂ ਉਹ ਉਸ ਦੇ ਘਰ ਦੱਸ ਦੇਵੇਗਾ ਕਿ ਉਹ ਨਸ਼ੇ ਕਰਦਾ ਹੈ। ਇੰਝ ਕਰ ਕੇ ਨੌਜਵਾਨ ਨੇ ਬੱਚੇ ਦੇ 9 - 10 ਵਾਰ ਨਸ਼ੀਲੇ ਟੀਕੇ ਲਗਾਏ। ਪੀੜਤ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਹੈ। ਉਸ ਦਾ ਚਾਚਾ ਜੂਸ ਦੀ ਰੇਹੜੀ ਲਗਾਉਂਦਾ ਹੈ। ਉਕਤ ਨੌਜਵਾਨ ਉਸ ਨੂੰ ਘਰੋਂ ਪੈਸੇ ਲਿਆਉਣ ਲਈ ਮਜਬੂਰ ਵੀ ਕਰਦਾ ਸੀ ਅਤੇ 2-3 ਵਾਰ ਉਸ ਤੋਂ ਤਕਰੀਬਨ 3 ਹਜ਼ਾਰ ਰੁਪਏ ਲੈ ਚੁੱਕਿਆ ਸੀ। 

ਘਰਦਿਆਂ ਨੂੰ ਇੰਝ ਹੋਈ ਖ਼ਬਰ

ਪੀੜਤ ਬੱਚੇ ਦੇ ਚਾਚੇ ਨੇ ਦੱਸਿਆ ਕਿ 3-4 ਦਿਨ ਪਹਿਲਾਂ ਉਸ ਦਾ ਭਤੀਜਾ ਮੋਟਰਸਾਈਕਲ ਤੋਂ ਜਾਂਦੇ ਹੋਏ ਅਚਾਕਨ ਸੜਕ 'ਤੇ ਹੀ ਡਿੱਗ ਗਿਆ। ਸੂਚਨਾ ਮਿਲਣ 'ਤੇ ਉੱਥੇ ਜਾ ਕੇ ਵੇਖਿਆ ਤਾਂ ਬੱਚਾ ਬੇਹੋਸ਼ੀ ਦੀ ਹਾਲਤ ਵਿਚ ਉੱਥੇ ਹੀ ਡਿੱਗਿਆ ਪਿਆ ਸੀ। ਕੁੱਝ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਘਰ ਲਿਆਂਦਾ ਗਿਆ। ਇਸ ਘਟਨਾ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਬੱਚੇ ਦੀ ਬਿੜਕ ਰੱਖਣੀ ਸ਼ੁਰੂ ਕਰ ਦਿੱਤੀ। ਫਿਰ ਇਕ ਦਿਨ ਉਸ ਨੇ ਪਿਆਰ ਨਾਲ ਉਸ ਨੂੰ ਪੁੱਛਿਆ ਤਾਂ ਬੱਚੇ ਨੇ ਸਾਰੀ ਗੱਲ ਚਾਚੇ ਨੂੰ ਦੱਸੀ। 

ਇਹ ਖਬਰ ਵੀ ਪੜ੍ਹੋ - ਪਟਿਆਲਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋਏ ਖ਼ਤਰਨਾਕ ਗੈਂਗਸਟਰ ਅਮਰੀਕ ਦੇ ਸਾਥੀਆਂ ਨੇ ਪਾਈ ਪੋਸਟ

ਪਰਿਵਾਰ ਸਮੇਤ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ

ਜਦ ਬੱਚੇ ਦੇ ਚਾਚੇ ਨੇ ਸਾਰੀ ਗੱਲ ਪਤਾ ਲੱਗਣ ਤੋਂ ਬਾਅਦ ਪਰਮ ਨਾਂ ਦੇ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਚਾਚੇ-ਭਤੀਜੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਉਸ ਦੇ ਭਤੀਜੇ ਨੂੰ ਨਸ਼ੇ 'ਤੇ ਲਗਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਬੱਚੇ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ।

ਬੱਚੇ ਦਾ ਦਾਅਵਾ, ਹਜ਼ਾਰ ਰੁਪਏ 'ਚ ਵੀ ਮਿਲ ਜਾਂਦਾ ਹੈ 'ਚਿੱਟਾ'

ਪੀੜਤ ਬੱਚੇ ਨੇ ਨਸ਼ੇ ਦੀ ਕਾਲੀ ਦੁਨੀਆ ਬਾਰੇ ਵੀ ਕਈ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਉਕਤ ਨੌਜਵਾਨ ਅਤੇ ਉਸ ਦੇ ਸਾਥੇ ਕਲਿਆਣ ਪਿੰਡ ਤੋਂ ਨਸ਼ਾ ਲੈ ਕੇ ਆਉਂਦੇ ਸਨ। ਉਸ ਨੇ ਦੱਸਿਆ ਕਿ ਉੱਥੇ ਹਜ਼ਾਰ ਰੁਪਏ 'ਚ ਵੀ ਚਿੱਟਾ ਮਿਲ ਜਾਂਦਾ ਹੈ। 

ਪਰਮਵੀਰ ਦੀ ਭਾਲ 'ਚ ਛਾਪੇਮਾਰੀ ਜਾਰੀ

ਪੁਲਸ ਦਾ ਕਹਿਣਾ ਹੈ ਕਿ ਉਕਤ ਸ਼ਿਕਾਇਤ ਦੇ ਅਧਾਰ 'ਤੇ ਪਰਮਵੀਰ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਉਹ ਘਰੋਂ ਫਰਾਰ ਹੈ। ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Anuradha

This news is Content Editor Anuradha