ਘਰ 'ਚ ਸੰਨ੍ਹ ਲਾ ਕੇ 13 ਲੱਖ ਦੀ ਨਕਦੀ ਤੇ ਗਹਿਣੇ ਚੋਰੀ

11/27/2017 4:10:43 AM

ਕਪੂਰਥਲਾ, (ਮੱਲ੍ਹੀ)- ਵੱਡੇ-ਵੱਡੇ ਦਮਗਜ਼ੇ ਮਾਰਨ ਵਾਲੇ ਪੁਲਸ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਅਣਪਛਾਤੇ ਚੋਰਾਂ ਵਲੋਂ ਸ਼ਰੇਆਮ ਪੁਰਾਣੀ ਦਾਣਾ ਮੰਡੀ 'ਚ ਸਥਿਤ ਇਕ ਘਰ 'ਚ ਸੰਨ੍ਹ ਲਾ ਕੇ 13 ਲੱਖ ਤੋਂ ਵੱਧ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। 
ਜਾਣਕਾਰੀ ਮੁਤਾਬਕ ਸੰਦੀਪ ਅਗਰਵਾਲ ਸਪੁੱਤਰ ਚੰਦਰ ਭੂਸ਼ਨ ਅਗਰਵਾਲ ਤੇ ਉਨ੍ਹਾਂ ਦੀ ਪਤਨੀ ਨੀਤੂ ਅਗਰਵਾਲ ਵਾਸੀ ਪੁਰਾਣੀ ਦਾਣਾ ਮੰਡੀ ਕਪੂਰਥਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਜਲੰਧਰ ਵਿਖੇ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪਰਿਵਾਰ ਸਮੇਤ ਗਏ ਹੋਏ ਸਨ ਕਿ ਰਾਤੀਂ ਘਰ 'ਚ ਕੋਈ ਨਹੀਂ ਹੈ, ਦਾ ਫਾਇਦਾ ਉਠਾਉਂਦਿਆਂ ਅਣਪਛਾਤੇ ਚੋਰਾਂ ਨੇ ਲਗਭਗ 1.45 ਮਿੰਟ 'ਤੇ ਸੰਨ੍ਹ ਲਾ ਕੇ ਨਾਟਕੀ ਢੰਗ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਬਾਰੇ ਜਾਣਕਾਰੀ ਸਾਨੂੰ ਸਾਡੇ ਗੁਆਂਢੀਆਂ ਨੇ ਫੋਨ ਕਰਕੇ ਸਵੇਰ ਵੇਲੇ ਦਿੱਤੀ ਕਿ ਰਾਤੀਂ ਕਿਸੇ ਨੇ ਸਾਡੇ ਘਰਾਂ ਦੇ ਮੇਨ ਗੇਟਾਂ ਨੂੰ ਤਾਰਾਂ ਨਾਲ ਬੰਨ੍ਹ ਕੇ ਤੁਹਾਡੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 
ਉਨ੍ਹਾਂ ਦੱਸਿਆ ਕਿ ਅਸੀਂ ਜਦੋਂ ਘਰ ਆ ਕੇ ਵੇਖਿਆ ਤਾਂ ਪਤਾ ਲੱਗਾ ਕਿ ਬਾਹਰ ਵਾਲੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਘਰ ਦੇ ਅੰਦਰ ਦਾਖਲ ਹੋਏ ਅਣਪਛਾਤੇ ਚੋਰਾਂ ਨੇ ਘਰ ਦੇ ਸਾਰੇ ਕਮਰਿਆਂ ਦੇ ਦਰਵਾਜ਼ਿਆਂ ਦੇ ਜਿੰਦਰੇ ਤੋੜੇ ਤੇ ਅਲਮਾਰੀਆਂ 'ਚ ਪਏ 13 ਲੱਖ ਰੁਪਏ ਦੀ ਨਕਦੀ, 1 ਡਾਇਮੰਡ ਸੈੱਟ, 1 ਡਾਇਮੰਡ ਮੁੰਦਰੀ, 6 ਸੋਨੇ ਦੀਆਂ ਵੰਗਾਂ, 10 ਸੋਨੇ ਦੀਆਂ ਮੁੰਦਰੀਆਂ ਤੇ 1 ਸੋਨੇ ਦੀ ਚੇਨ ਆਦਿ ਜਿਨ੍ਹਾਂ ਦੀ ਲਗਭਗ 13 ਲੱਖ ਰੁਪਏ ਦੇ ਕਰੀਬ ਕੀਮਤ ਬਣਦੀ ਹੈ, ਉਹ ਚੋਰੀ ਕਰਕੇ ਲੈ ਗਏ ਹਨ। 
ਉਨ੍ਹਾਂ ਐੱਮ. ਸੀ. ਦਵਿੰਦਰਪਾਲ ਸਿੰਘ ਹੰਸਪਾਲ, ਐੱਮ. ਸੀ. ਨਰਿੰਦਰ ਸਿੰਘ ਮੰਨਸੂ, ਐੱਮ. ਸੀ. ਚੇਤਨ ਸੂਰੀ, ਪ੍ਰਦੀਪ ਕੁਮਾਰ ਆਦਿ ਦੀ ਹਾਜ਼ਰੀ ਦੌਰਾਨ ਉਨ੍ਹਾਂ ਦੱਸਿਆ ਕਿ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਪਹਿਲਾਂ ਹੋਈਆਂ ਰਿਕਾਰਡਿੰਗ ਦੀਆਂ ਫੁਟੇਜ਼ ਤੋਂ ਪਤਾ ਚੱਲਦਾ ਹੈ ਕਿ ਅਣਪਛਾਤੇ ਚੋਰ ਤਿੰਨ ਮੈਂਬਰ ਸਨ, ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ, ਜਿਨ੍ਹਾਂ ਨੇ ਅੰਦਰ ਆ ਕੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਤੋੜ ਦਿੱਤਾ। ਪ੍ਰਭਾਵਿਤ ਅਗਰਵਾਲ ਦੰਪਤੀ ਅਨੁਸਾਰ ਉਨ੍ਹਾਂ ਨੇ ਲਿਖਤੀ ਰਿਪੋਰਟ ਥਾਣਾ ਸਿਟੀ ਪੁਲਸ ਨੂੰ ਦੇ ਦਿੱਤੀ ਹੈ ਜਿਨ੍ਹਾਂ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਚੋਰਾਂ ਨੂੰ ਜਲਦ ਫੜਨ ਦਾ ਦਾਅਵਾ ਤਾਂ ਕੀਤਾ ਹੈ ਪਰ ਅਸਲੀਅਤ ਇਹ ਹੈ ਕਿ ਅਣਪਛਾਤੇ ਚੋਰ ਪੁਲਸ ਦੀ ਪਕੜ ਤੋਂ ਕੋਹਾਂ ਦੂਰ ਸਨ।