ਮੁਕਤਸਰ : ਵਿਦਿਆਰਥੀ ਦੀ ਥਾਂ ਕੋਈ ਹੋਰ ਦੇ ਰਿਹਾ ਸੀ ਪੇਪਰ, ਗ੍ਰਿਫਤਾਰ

03/04/2020 10:41:19 AM

ਮੁਕਤਸਰ, ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੋਰਡ ਦੀ ਪ੍ਰੀਖਿਆ ਦੇ ਪਹਿਲੇ ਦੀ ਦਿਨ 8 ਵੀਂ ਜਮਾਤ ਤੋਂ ਬਾਅਦ 12ਵੀਂ ਜਮਾਤ ਦਾ ਪੇਪਰ ਸ਼ੁਰੂ ਹੋ ਗਿਆ। 12ਵੀਂ ਦੀ ਪੰਜਾਬੀ ਵਿਸ਼ੇ ਦੀ ਚੱਲ ਰਹੀ ਪ੍ਰੀਖਿਆ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਿਆਰਾ ਜ਼ਿਲਾ ਮੁਕਤਸਰ ਸਾਹਿਬ ਦੇ ਪ੍ਰੀਖਿਆ ਕੇਂਦਰ ’ਚ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਇਕ ਵਿਦਿਆਰਥੀ ਦੀ ਥਾਂ ਕੋਈ ਹੋਰ ਉਸ ਦਾ ਪੇਪਰ ਦੇ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 12ਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਿਆਰਾ ਕੇਂਦਰ ਕੋਡ 55210 ਕਮਰਾ ਨੰਬਰ-2 ਵਿਖੇ ਇਕ ਪ੍ਰੀਖਿਆਰਥੀ ਦੀ ਥਾਂ ਉਸ ਦਾ ਪੇਪਰ ਕੋਈ ਹੋਰ ਪ੍ਰੀਖਿਆਰਥੀ ਦੇ ਰਿਹਾ ਸੀ। 

ਪ੍ਰੀਖਿਆ ਦੌਰਾਨ ਰਣਬੀਰ ਸਿੰਘ ਇੰਚਾਰਜ ਫਲਾਇੰਗ ਸਕੁਐਡ ਅਤੇ ਉਨ੍ਹਾਂ ਦੀ ਟੀਮ ਨੂੰ ਜਦੋਂ ਉਕਤ ਵਿਦਿਆਰਥੀ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਦੀ ਪਛਾਣ ਲਈ ਉਸ ਦਾ ਰੋਲ ਨੰਬਰ ਅਤੇ ਉਸ ਦੇ ਚਿਹਰੇ ਦੀ ਪਛਾਣ ਕੀਤੀ। ਫਲਾਇੰਗ ਸਕੁਐਡ ਨੇ ਇਸ ਮੌਕੇ ਵਿਦਿਆਰਤੀ ਨੂੰ ਉਸ ਦੇ ਮਾਤਾ-ਪਿਤਾ ਦਾ ਨਾਂ ਵੀ ਪੁੱਛਿਆ, ਜਿਸ ਦਾ ਉਸ ਨੇ ਸਹੀ ਨਹੀਂ ਜਵਾਬ ਨਹੀਂ ਦਿੱਤਾ। ਸੈਂਟਰ ਸੁਪਰਡੈਂਟ ਅਤੇ ਫਲਾਇੰਗ ਟੀਮ ਨੇ ਇਸ ਮਾਮਲੇ ਦੇ ਸਬੰਧ ’ਚ ਜ਼ਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੂੰ ਸੂਚਿਤ ਕੀਤਾ। ਜ਼ਿਲਾ ਸਿੱਖਿਆ ਅਫਸਰ ਮਲਕੀਤ ਸਿੰਘ ਨੇ ਇਸ ਮਾਮਲੇ ਦੇ ਸਬੰਧ ’ਚ ਪੁਲਸ ਲੰਬੀ ਥਾਣਾ ਵਿਖੇ ਐੱਫ.ਆਈ. ਆਰ. ਦਰਜ ਕਰਵਾ ਦਿੱਤੀ।

ਬੋਰਡ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਦੇ ਸੈਸ਼ਨ ਵਿਚ ਲਈ ਗਈ 8ਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿਚ ਨਕਲ ਜਾਂ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

rajwinder kaur

This news is Content Editor rajwinder kaur