ਇਟਲੀ ਭੇਜਣ ਦੇ ਨਾਂ ''ਤੇ 12 ਲੱਖ ਦੀ ਠੱਗੀ

03/13/2018 3:08:37 AM

ਨਵਾਂਸ਼ਹਿਰ, (ਤ੍ਰਿਪਾਠੀ)- ਸੇਵਾ ਮੁਕਤ ਫੌਜੀ ਨੂੰ ਪੱਕੇ ਤੌਰ 'ਤੇ ਇਟਲੀ ਭੇਜਣ ਦੇ ਨਾਂ 'ਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ੀ ਐੱਨ. ਆਰ. ਆਈ. 2 ਭਰਾਵਾਂ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ । ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਕੁਲਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਸੁੱਧਾ ਮਾਜਰਾ ਨੇ ਦੱਸਿਆ ਕਿ ਉਸ ਦੇ ਪਤੀ ਸਾਲ 2009 'ਚ ਭਾਰਤੀ ਫੌਜ ਤੋਂ ਬਤੌਰ ਹੌਲਦਾਰ ਸੇਵਾ ਮੁਕਤ ਹੋਏ ਸਨ ਅਤੇ ਬਾਅਦ 'ਚ ਪ੍ਰਾਈਵੇਟ ਨੌਕਰੀ ਕਰਨ ਲੱਗ ਪਏ। ਉਸ ਨੇ ਦੱਸਿਆ ਕਿ 2011 'ਚ ਉਨ੍ਹਾਂ ਦੀ ਰਿਸ਼ਤੇਦਾਰੀ 'ਚ ਲੱਗਦੀ ਲੜਕੀ ਦਾ ਵਿਆਹ ਕੁਲਦੀਪ ਸਿੰਘ ਪੁੱਤਰ ਬਚਨਾ ਰਾਮ ਦੇ ਨਾਲ ਹੋਇਆ ਸੀ, ਜਿਸ ਕਾਰਨ ਉਕਤ ਕੁਲਦੀਪ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ । ਉਕਤ ਕੁਲਦੀਪ ਸਿੰਘ ਨੇ ਉਸ ਦੇ ਪਤੀ ਨੂੰ 12 ਲੱਖ ਰੁਪਏ 'ਚ ਪੱਕੇ ਤੌਰ 'ਤੇ ਇਟਲੀ ਭੇਜਣ ਲਈ ਕਿਹਾ । 
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕੁਲਦੀਪ ਸਿੰਘ ਨੇ ਉਨ੍ਹਾਂ ਕੋਲੋਂ 12 ਲੱਖ ਰੁਪਏ ਦੀ ਰਾਸ਼ੀ ਲੈ ਲਈ ਤੇ ਆਪਣੀ ਪਤਨੀ ਸਮੇਤ ਇਟਲੀ ਚਲਾ ਗਿਆ ਪਰ ਉਸ ਦੇ ਪਤੀ ਨੂੰ ਨਾ ਤਾਂ ਇਟਲੀ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ । ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਉਕਤ ਪੈਸੇ ਪਤੀ ਦੀ ਬੱਚਤ, ਜ਼ਮੀਨ ਦਾ ਬਿਆਨਾ ਕਰਵਾ ਕੇ ਅਤੇ ਕੁਝ ਰਾਸ਼ੀ ਉਧਾਰ ਲੈ ਕੇ ਉਕਤ ਕੁਲਦੀਪ ਸਿੰਘ ਨੂੰ ਦਿੱਤੀ ਸੀ । ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਉਨ੍ਹਾਂ ਦੀ ਰਾਸ਼ੀ ਵਾਪਸ ਕਰਵਾਉਣ ਤੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ । ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਕੋਲੋਂ ਕਰਵਾਉਣ, ਡੀ. ਏ. ਲੀਗਲ ਰਿਪੋਰਟ ਅਤੇ ਉਪਰੰਤ ਐੱਸ. ਐੱਸ. ਪੀ. ਦੁਆਰਾ ਪਰਖਣ ਉਪਰੰਤ ਦੋਸ਼ੀ ਏਜੰਟ ਕੁਲਦੀਪ ਸਿੰਘ ਅਤੇ ਦਲੇਰ ਸਿੰਘ ਦੋਵੇਂ ਪੁੱਤਰਾਨ ਬਚਨਾ ਰਾਮ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।