ਪੰਜਾਬ ਦੇ ਨਵੇਂ ਚੁਣੇ 117 ਵਿਧਾਇਕਾਂ ਦੀ ਇਹ ਅਸਲੀਅਤ ਤੁਹਾਨੂੰ ਵੀ ਹੈਰਾਨੀ ''ਚ ਪਾ ਦੇਵੇਗੀ

03/16/2017 11:33:30 AM

ਲੁਧਿਆਣਾ : ਭਾਵੇਂ ਹੀ ਪੰਜਾਬ ''ਚ ਹੋਈਆਂ ਵਿਧਾਨ ਸਭਾ ਚੋਣਾਂ ''ਚ ਪੜ੍ਹੇ-ਲਿਖੇ, ਸਾਫ ਅਕਸ ਵਾਲੇ ਅਤੇ ਆਮ ਆਦਮੀ ਨੂੰ ਅੱਗੇ ਲਿਆਉਣ ਵਾਲੇ ਆਗੂਆਂ ਦਾ ਬੋਲਬਾਲਾ ਰਿਹਾ ਹੈ ਪਰ ਲੋਕਾਂ ਨੇ ਜਿਨ੍ਹਾਂ 117 ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ''ਚ ਬੈਠਣ ਲਈ ਚੁਣਿਆ ਹੈ, ਉਨ੍ਹਾਂ ਦੀ ਅਸਲੀਅਤ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ। ਜੀ ਹਾਂ, ਲੋਕਾਂ ਵਲੋਂ ਚੁਣੇ ਗਏ ਇਨ੍ਹਾਂ ਵਿਧਾਇਕਾਂ ''ਚੋਂ ਜ਼ਿਆਦਾਤਰ ਦਸਵੀਂ ਪਾਸ, ਕ੍ਰਿਮੀਨਲ ਅਕਸ ਅਤੇ ਕਰੋੜਪਤੀ ਹਨ। ਇਹ ਅੰਕੜਾ ਚੋਣ ਸੁਧਾਰ ''ਚ ਜੁੱਟੀ ਸੰਸਥਾ ''ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਐਫੀਡੇਵਿਟਾਂ ਤੋਂ ਇਕੱਠਾ ਕਰਕੇ ਮੀਡੀਆ ਅੱਗੇ ਪੇਸ਼ ਕੀਤਾ ਗਿਆ ਹੈ। 
ਕ੍ਰਿਮੀਨਲ ਵਿਧਾਇਕਾਂ ਦਾ ਅੰਕੜਾ
ਸਰਕਟ ਹਾਊਸ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ. ਡੀ. ਆਰ. ਦੇ ਸਟੇਟ ਕੋ-ਆਰਡੀਨੇਟਰ ਜਸਕੀਰਤ ਸਿੰਘ, ਪਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ 117 ਵਿਧਾਇਕਾਂ ''ਚੋਂ 16 ''ਤੇ ਕ੍ਰਿਮੀਨਲ, 11 ''ਤੇ ਗੰਭੀਰ ਕ੍ਰਿਮੀਨਲ ਮਾਮਲੇ ਦਰਜ ਹਨ, ਜਦੋਂ ਕਿ ਪਿਛਲੀ ਵਾਰ ਕ੍ਰਿਮੀਨਲ ਵਿਧਾਇਕਾਂ ਦਾ ਅੰਕੜਾ 19 ਅਤੇ ਗੰਭੀਰ ਕ੍ਰਿਮੀਨਲ ਦਾ ਅੰਕੜਾ ਸਿਰਫ ਪੰਜ ਵਿਧਾਇਕਾਂ ਦਾ ਸੀ। ਇਨ੍ਹਾਂ ''ਚੋਂ ਤਿੰਨ ਵਿਧਾਇਕਾਂ ''ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਚਾਰਜ ਹਨ। ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ''ਤੇ ਮਹਿਲਾ ਅਪਰਾਧ ਦੇ ਤਹਿਤ ਕੇਸ ਦਰਜ ਹੈ, ਜਦੋਂ ਕਿ ਪਾਰਟੀ ਵਾਈਜ਼ ਵਿਧਾਇਕਾਂ ਦੀ ਗੱਲ ਕਰੀਏ ਤਾਂ 77 ''ਚੋਂ ਕਾਂਗਰਸ ਦੇ 9, ਆਪ ਦੇ 20 ''ਚੋਂ 4, ਅਕਾਲੀ ਦਲ ਦੇ 15 ''ਚੋਂ ਇੱਕ ਅਤੇ ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕਾਂ ''ਤੇ ਮਾਮਲੇ ਦਰਜ ਹਨ।
95 ਵਿਧਾਇਕ ਕਰੋੜਪਤੀ
ਪੰਜਾਬ ਵਿਧਾਨ ਸਭਾ ''ਚ ਜਾਣ ਵਾਲੇ 95 ਵਿਧਾਇਕਾਂ ਕੋਲ ਇਕ ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ, ਜਦੋਂ ਕਿ ਵਿਧਾਇਕਾਂ ਦੀ ਔਸਤ ਜਾਇਦਾਦ ਦੇਖੀ ਜਾਵੇ ਤਾਂ ਇਹ ਕਰੀਬ 12 ਕਰੋੜ ਪ੍ਰਤੀ ਐੱਮ. ਐੱਲ. ਏ. ਬਣਦੀ ਹੈ। ਅੰਕੜਿਆਂ ਮੁਤਾਬਕ 59 ਵਿਧਾਇਕਾਂ ਦੀ ਜਾਇਦਾਦ 5 ਕਰੋੜ ਤੋਂ ਜ਼ਿਆਦਾ, 36 ਦੀ ਇਕ ਤੋਂ 5 ਕਰੋੜ ਰੁਪਏ, 14 ਦੀ 25 ਲੱਖ ਤੋਂ ਇਕ ਕਰੋੜ ਅਤੇ 8 ਵਿਧਾਇਕਾਂ ਦੀ ਜਾਇਦਾਦ 25 ਲੱਖ ਤੋਂ ਹੇਠਾਂ ਹੈ।
45 ਵਿਧਾਇਕ ਪੰਜਵੀਂ ਤੋਂ 12ਵੀਂ ਪਾਸ
ਏ. ਡੀ. ਆਰ. ਮੁਤਾਬਕ ਵਿਧਾਨ ਸਭਾ ਪੁੱਜਣ ''ਚ ਸਫਲ ਹੋਏ 45 ਵਿਧਾਇਕ ਪੰਜਵੀਂ ਤੋਂ 12ਵੀਂ ਪਾਸ ਹਨ, ਜਦੋਂ ਕਿ 70 ਵਿਧਾਇਕ ਗ੍ਰੇਜੂਏਟ ਅਤੇ ਇਸ ਤੋਂ ਜ਼ਿਆਦਾ ਪੜ੍ਹੇ-ਲਿਖੇ ਹਨ। ਇਨ੍ਹਾਂ ''ਚ ਪੰਜਵੀਂ ਪਾਸ ਇਕ, ਅੱਠਵੀਂ ਪਾਸ 6, ਦਸਵੀਂ ਪਾਸ 21, ਬਾਰ੍ਹਵੀਂ ਪਾਸ 17, ਗ੍ਰੇਜੂਏਟ 32, ਗ੍ਰੇਜੂਏਟ ਪ੍ਰੋਫੈਸ਼ਨਲ 19 ਅਤੇ ਪੋਸਟ ਗ੍ਰੇਜੂਏਟ 18 ਵਿਧਾਇਕ ਹਨ। ਇਨ੍ਹਾਂ ''ਚੋਂ ਕਾਂਗਰਸ ਦੇ ਸਭ ਤੋਂ ਵਧੇਰੇ 22 ਗ੍ਰੇਜੂਏਟ ਹਨ, ਜਦੋਂ ਕਿ ਦਸਵੀਂ ਅਤੇ 12ਵੀਂ ਪਾਸ ਵੀ ਸਭ ਤੋਂ ਵਧੇਰੇ ਕਾਂਗਰਸ ਦੇ ਹੀ ਹਨ।
ਉਮਰ ਵਰਗ
ਉਮਰ ਵਰਗ ਦੀ ਗੱਲ ਕਰੀਏ ਤਾਂ 51 ਵਿਧਾਇਕ 25 ਤੋਂ 50 ਸਾਲ, 65 ਵਿਧਾਇਕ 51 ਤੋਂ 80 ਸਾਲ ਉਮਰ ਵਰਗ ਦੇ ਹਨ। ਇਕ ਵਿਧਾਇਕ ਦੀ ਉਮਰ 80 ਸਾਲ ਹੈ। ਸਭ ਤੋਂ ਬਜ਼ੁਰਗ ਸ਼੍ਰੋਮਣੀ ਅਕਾਲੀ ਦਲ ਦੇ ਲੰਬੀ ਤੋਂ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਹਨ, ਜਦੋਂ ਕਿ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਦਵਿੰਦਰ ਘੁਬਾਇਆ ਹਨ।
 

Babita Marhas

This news is News Editor Babita Marhas