ਪੰਜਾਬ ਕੇਸਰੀ ਗਰੁੱਪ ਵੱਲੋਂ 116ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਆਯੋਜਿਤ

11/10/2019 6:58:15 PM

ਜਲੰਧਰ (ਸੋਨੂੰ)— ਪੰਜਾਬ ਕੇਸਰੀ ਗਰੁੱਪ ਵੱਲੋਂ ਅੱਜ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ 'ਚ 116ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਦਾ ਆਯੋਜਨ ਪੰਜਾਬ ਕੇਸਰੀ ਗਰਾਊਂਡ 'ਚ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੁਨੀਲ ਜਾਖੜ, ਸੰਸਦ ਮੈਂਬਰ ਮੁਨੀਸ਼ ਤਿਵਾੜੀ ਤੋਂ ਇਲਾਵਾ ਕਈ ਸਿਆਸੀ ਆਗੂਆਂ ਸਮੇਤ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਫੰਡ ਵੀ ਵੰਡੇ ਗਏ ਇਸ ਤੋਂ ਇਲਾਵਾ ਵੱਖ-ਵੱਖ ਆਗੂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਤਵਾਦ ਦੇ ਖਾਤਮੇ ਤੋਂ ਬਾਅਦ ਹੁਣ ਨਸ਼ਿਆਂ ਦੇ ਵਧ ਰਹੇ ਚਲਨ ਨੂੰ ਸਭ ਤੋਂ ਵੱਡਾ ਖਤਰਾ ਦੱਸਦੇ ਕਿਹਾ ਕਿ ਨਸ਼ਿਆਂ 'ਤੇ ਰੋਕ ਲਗਾਉਣ ਲਈ ਜਨਤਾ ਨੂੰ ਆਪਣਾ ਸਹਿਯੋਗ ਦੇਣਾ ਪਵੇਗਾ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਨੂੰ ਹਰੇਕ ਵਿਅਕਤੀ ਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਪਵੇਗਾ। ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ।

ਮੁੱਖ ਮੰਤਰੀ ਅੱਜ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਆਯੋਜਿਤ 116ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਅੱਤਵਾਦ ਤੋਂ ਪੀੜਤ 156 ਲੋਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ 78 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ। ਇਸ ਮੌਕੇ 'ਤੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸੀ. ਆਰ. ਪੀ. ਐੱਫ. ਦੇ 44 ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਸੇ ਤਰ੍ਹਾਂ ਪੁਲਵਾਮਾ ਪੀੜਤਾਂ 'ਚ ਵੀ 44 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਇਹ ਰਾਸ਼ੀ ਸ਼ਹੀਦ ਪਰਿਵਾਰ ਫੰਡ 'ਚੋਂ ਦਿੱਤੀ ਗਈ ਹੈ। ਪੁਲਵਾਮਾ ਅੱਤਵਾਦੀ ਹਮਲੇ ਦੇ ਮ੍ਰਿਤਕ ਅਤੇ ਜ਼ਖਮੀਆਂ ਨੂੰ ਇਕ ਬਰਾਬਰ 1-1 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ।


ਅੰਮ੍ਰਿਤਸਰ 'ਚ ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ 'ਚ ਵੀ 6.80 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 20-20 ਹਜ਼ਾਰ ਰੁਪਏ ਤੇ ਜ਼ਖਮੀਆਂ ਨੂੰ 10-10 ਹਜ਼ਾਰ ਰੁਪਏ ਰਾਸ਼ੀ ਵੰਡੀ ਗਈ। ਇਹ ਰਾਸ਼ੀ ਪੰਜਾਬ ਕੇਸਰੀ ਸਮੂਹ ਵੱਲੋਂ ਲਾਲਾ ਜਗਤ ਨਾਰਾਇਣ ਸ਼ਾਂਤੀ ਦੇਵੀ ਟਰੱਸਟ ਵੱਲੋਂ ਦਿੱਤੀ ਗਈ।ਇਸ ਮੌਕੇ ਹਰੇਕ ਪੀੜਤ ਪਰਿਵਾਰ ਨੂੰ ਐੱਫ. ਡੀ. ਆਰ. ਤੋਂ ਇਲਾਵਾ 4-4 ਕੰਬਲ, 1 ਬਰਤਨਾਂ ਦਾ ਸੈੱਟ, 2 ਲੇਡੀਜ਼ ਸੂਟ, 2 ਕੱਪੜੇ ਦੇ ਪੀਸ, ਇਕ ਤੌਲੀਆ, ਇਕ ਪੱਖਾ, 5 ਕਿਲੋ ਚੌਲ ਤੇ 10 ਕਿਲੋ ਆਟਾ ਵੀ ਦਿੱਤਾ ਗਿਆ।

ਜੈਰਾਮ ਠਾਕੁਰ ਨੇ ਕਿਹਾ ਕਿ ਨਾ ਸਿਰਫ ਤਿੰਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਨਸ਼ਿਆਂ 'ਤੇ ਰੋਕ ਲਾਉਣ ਦੇ ਮਾਮਲਿਆਂ ਨੂੰ ਲੈ ਕੇ ਵੱਧ ਚੁੱਕੀ ਹੈ ਸਗੋਂ ਇਸ ਦੇ ਨਾਲ ਹੀ ਜਨਤਾ ਦੀ ਜ਼ਿੰਮੇਵਾਰੀ ਵੀ ਵਧੀ ਹੈ। ਪਹਿਲਾਂ ਅੱਤਵਾਦ 'ਤੇ ਜਨਤਾ ਦੇ ਸਹਿਯੋਗ ਨਾਲ ਕਾਬੂ ਪਾਇਆ ਗਿਆ ਸੀ ਤੇ ਹੁਣ ਵਧਦੇ ਨਸ਼ਿਆਂ 'ਤੇ ਰੋਕ ਲਾਉਣ ਲਈ ਜਨ ਸਹਿਯੋਗ ਦੀ ਲੋੜ ਹੈ। ਜਨਤਾ ਦੇ ਸਹਿਯੋਗ ਨਾਲ ਹੀ ਦੇਸ਼ ਨੇ ਆਜ਼ਾਦੀ ਹਾਸਲ ਕੀਤੀ, ਸਾਖਰਤਾ ਅਤੇ ਸਵੱਛਤਾ ਮੁਹਿੰਮ ਨੂੰ ਸਫਲ ਬਣਾਇਆ। ਹੁਣ ਇਕ ਜਨ ਮੁਹਿੰਮ ਨਸ਼ਿਆਂ ਨੂੰ ਲੈ ਕੇ ਛੇੜਨ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ 'ਤੇ ਰੋਕ ਲਾਉਣ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰਾਂ ਨਾਲ ਬੈਠਕ ਹੋ ਚੁੱਕੀ ਹੈ, ਜਿਸ 'ਚ ਸਾਰੀਆਂ ਸਹਿਯੋਗੀ ਸਰਕਾਰਾਂ ਨੇ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਪੰਜਾਬ 'ਚ ਅੱਤਵਾਦ ਦੀ ਚਰਚਾ ਕਰਦੇ ਹੋਏ ਕਿਹਾ ਕਿ ਜਦ ਬੁਰਾ ਦੌਰ ਚੱਲ ਰਿਹਾ ਸੀ ਤਾਂ ਉਸ ਸਮੇਂ ਉਹ ਅਕਸਰ ਸੁਣਿਆ ਕਰਦੇ ਸੀ ਕਿ ਅੱਤਵਾਦੀ ਬੇਗੁਨਾਹ ਲੋਕਾਂ ਦਾ ਕਤਲੇਆਮ ਕਰ ਰਹੇ ਹਨ।


ਅੱਤਵਾਦ 'ਤੇ ਕਾਬੂ ਪਾਉਣ 'ਚ ਪੰਜਾਬ ਕੇਸਰੀ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਅਸਲ 'ਚ ਲੋਕਤੰਤਰ ਦੇ ਚੌਥੇ ਸਤੰਭ ਦੀ ਭੂਮਿਕਾ ਨਿਭਾਈ। ਅੱਜ ਦੇਸ਼ ਇਕ ਵੱਖਰੇ ਦੌਰ 'ਚੋਂ ਲੰਘ ਰਿਹਾ ਹੈ। ਦੁਨੀਆ ਦਾ ਨਜ਼ਰੀਆ ਭਾਰਤ ਪ੍ਰਤੀ ਬਦਲਿਆ ਹੈ। ਦੇਸ਼ ਨੂੰ ਮਜ਼ਬੂਤ ਸਰਕਾਰ ਮਿਲੀ ਹੋਈ ਹੈ। ਕਸ਼ਮੀਰ 'ਚ ਧਾਰਾ 370 ਨੂੰ ਖਤਮ ਕੀਤਾ ਜਾ ਚੁੱਕਾ ਹੈ ਤੇ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਨਿਰਮਾਣ 'ਚ ਇਕ ਮਹੱਤਵਪੂਰਨ ਫੈਸਲਾ ਦਿੱਤਾ ਹੈ, ਜਿਸ ਦਾ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ ਹੈ।
ਮੁੱਖ ਮੰਤਰੀ ਨੇ ਸ਼ਹੀਦ ਪਰਿਵਾਰਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਉਣ ਵਾਲੇ ਸ਼ਹੀਦ ਪਰਿਵਾਰਾਂ ਤੋਂ ਟੋਲ ਟੈਕਸ ਦੀ ਵਸੂਲੀ ਕੀਤੀ ਗਈ ਹੈ ਜੋ ਕਿ ਸਹੀ ਨਹੀਂ ਹੈ। ਮੈਂ ਇਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ 'ਚ ਸਮੁੱਚੇ ਸ਼ਹੀਦ ਪਰਿਵਾਰਾਂ ਨੂੰ ਟੋਲ ਟੈਕਸ ਤੋਂ ਰਾਹਤ ਦੇਣ ਦਾ ਐਲਾਨ ਕਰਦਾ ਹਾਂ ਤੇ ਨਾਲ ਹੀ ਇਸ ਸਬੰਧ 'ਚ ਮੈਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਟੋਲ ਟੈਕਸ ਤੋਂ ਰਾਹਤ ਦੇਣ ਦੀ ਗੱਲ ਕਰਾਂਗਾ।


ਜੈਰਾਮ ਠਾਕੁਰ ਨੇ ਕਿਹਾ ਕਿ ਪੰਜਾਬ 'ਚ ਭਾਵੇਂ ਕਾਲਾ ਦੌਰ ਲੰਘ ਚੁੱਕਾ ਹੈ ਪਰ ਸ਼ਹੀਦ ਪਰਿਵਾਰ ਫੰਡ ਵਲੋਂ ਅਜਿਹੇ ਪ੍ਰੋਗਰਾਮ ਕਰ ਕੇ ਲੋਕਾਂ ਨੂੰ ਬੁਰੇ ਦੌਰ ਦੀਆਂ ਯਾਦਾਂ ਨਾਲ ਜੋੜ ਕੇ ਰੱਖਿਆ ਜਾ ਰਿਹਾ ਹੈ ਤਾਂ ਕਿ ਸਾਡੀਆਂ ਪੀੜੀਆਂ ਨੂੰ ਪਤਾ ਲੱਗ ਸਕੇ ਕਿ ਲੋਕਾਂ ਨੇ ਇੰਨਾ ਦੁੱਖ ਅਤੇ ਦਰਦ ਸਹਿਆ ਹੈ। ਅਜਿਹੇ ਪ੍ਰੋਗਰਾਮ ਭਵਿੱਖ 'ਚ ਵੀ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਘਿਨੌਣਾ ਰੂਪ ਅੱਜ ਵੀ ਯਾਦ ਹੈ, ਜਦ ਲੋਕ ਅਜਿਹੇ ਪ੍ਰੋਗਰਾਮਾਂ 'ਚ ਆਉਣ ਤੋਂ ਗੁਰੇਜ਼ ਕਰਦੇ ਹੁੰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਅੱਤਵਾਦ ਨੂੰ ਕਿਸੇ ਵੀ ਹਾਲਤ 'ਚ ਸਿਰ ਨਾ ਚੁੱਕਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਬੁਰੇ ਦੌਰ 'ਚ ਤਾਂ ਕਲਮ ਦੀ ਵਰਤੋਂ ਕਰਨ ਤੋਂ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਹੋਈਆਂ। ਹਾਲਾਤ ਅਜਿਹੇ ਬਣ ਗਏ ਸਨ ਕਿ ਜੋ ਲਿਖਦਾ ਸੀ, ਉਸ ਨੂੰ ਵੀ ਰੋਕਿਆ ਜਾਂਦਾ ਸੀ ਤੇ ਜੋ ਲਿਖੀਆਂ ਗੱਲਾਂ ਨੂੰ ਅੱਗੇ ਪਹੁੰਚਾਉਣ ਦਾ ਕੰਮ ਕਰਦਾ ਸੀ, ਨੂੰ ਵੀ ਰੋਕਿਆ ਜਾਂਦਾ ਸੀ। ਇਸ ਲਈ ਲੋਕਾਂ ਨੂੰ ਲੱਗੇ ਜ਼ਖਮਾਂ ਦੀਆਂ ਯਾਦਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਸ਼ਹੀਦ ਪਰਿਵਾਰ ਫੰਡ 'ਚ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।

shivani attri

This news is Content Editor shivani attri