ਘਿਓ ਬਣਾਉਣ ਵਾਲੀਆਂ 11 ਇਕਾਈਆਂ ਦੇ ਲਾਇਸੈਂਸ ਰੱਦ

09/09/2019 11:38:13 PM

ਚੰਡੀਗੜ੍ਹ,(ਸ਼ਰਮਾ): ਫੂਡ ਸੇਫਟੀ ਦੀਆਂ ਟੀਮਾਂ ਨੇ ਅਜਿਹੀਆਂ 11 ਘਿਓ ਬਣਾਉਣ ਵਾਲੀਆਂ ਇਕਾਈਆਂ ਦੇ ਲਾਇਸੈਂਸ ਰੱਦ ਕੀਤੇ ਹਨ, ਜੋ ਤੈਅ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਹੀਆਂ ਸਨ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ, ਪੰਜਾਬ ਦੇ ਕਮਿਸ਼ਨਰ ਕੇ. ਐੱਸ. ਪੰਨੂ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਘਿਓ ਦੇ ਉਤਪਾਦਨ ਲਈ ਫਰਮਾਂ ਨੂੰ ਸੂਬਾ ਸਰਕਾਰ ਕੋਲੋਂ ਇਕ ਲਾਇਸੈਂਸ ਲੈਣਾ ਲੋੜੀਂਦਾ ਹੁੰਦਾ ਹੈ ਪਰ ਭੋਜਨ ਪਕਾਉਣ ਵਾਲੇ ਮਾਧਿਅਮ, ਜਿਨ੍ਹਾਂ 'ਚ ਵਨਸਪਤੀ ਤੇਲਾਂ ਅਤੇ ਦੁੱਧ ਦੀ ਫੈਟ ਨੂੰ ਮਿਲਾਇਆ ਜਾਂਦਾ ਹੈ, ਲਈ ਕੇਂਦਰੀ ਏਜੰਸੀ ਤੋਂ ਪ੍ਰੋਪਰਾਇਟਰੀ ਕੈਟਾਗਰੀ ਤਹਿਤ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਵਲੋਂ ਪ੍ਰੋਪਰਾਇਟ੍ਰੀ ਕੈਟਾਗਰੀ ਵਾਲੇ ਲਾਇਸੈਂਸ ਤਦ ਦਿੱਤੇ ਜਾਂਦੇ ਹਨ ਜਦੋਂ ਮਿਲਾਏ ਗਏ ਤੱਤਾਂ ਦੀ ਮਿਕਦਾਰ ਲੋੜੀਂਦੇ ਮਾਪਦੰਡਾਂ ਮੁਤਾਬਕ ਪਾਈ ਜਾਵੇ। ਉਨ੍ਹਾਂ ਦੱਸਿਆ ਕਿ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾਉਣ ਵਾਲੇ ਉਤਪਾਦਕ ਨਾ ਕੇਵਲ ਨਿਯਮਾਂ ਦੀ ਉਲੰਘਣਾ ਕਰਦੇ ਹਨ ਸਗੋਂ ਦੇਸੀ ਘਿਓ ਉਤਪਾਦਨ ਦੇ ਨਾਂ ਹੇਠ ਅਜਿਹਾ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾ ਕੇ ਲੋਕਾਂ ਅਤੇ ਫੂਡ ਸੇਫਟੀ ਦੀਆਂ ਟੀਮਾਂ ਨੂੰ ਗੁੰਮਰਾਹ ਕਰਦੇ ਹਨ। ਜਿਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਹੋਏ ਹਨ, ਉਨ੍ਹਾਂ 'ਚ ਜ਼ਿਲਾ ਬਠਿੰਡਾ ਦੀਆਂ 8 ਫਰਮਾਂ ਜਿਵੇਂ ਨਿਊ ਐੱਸ.ਕੇ. ਐਗਰੋ ਇੰਡਸਟਰੀ, ਅਸ਼ੋਕਾ ਐਗਰੋ, ਅਨਮੋਲ ਫੂਡ ਰਾਮਪੁਰਾ ਫੂਲ, ਬਾਲਾਜੀ ਟ੍ਰੇਡਿੰਗ, ਬੀ.ਐੱਸ. ਐਗਰੋ, ਗੋਇਲ ਸੰਨਜ਼, ਏ.ਆਰ. ਐਗਰੋ ਇੰਡਸਟਰੀ ਅਤੇ ਮੈਰੀ ਐਗਰੋ ਅਤੇ ਜ਼ਿਲਾ ਮਾਨਸਾ ਤੋਂ ਗਣੇਸ਼ ਐਗਰੋ ਫੂਡਜ਼ ਤੇ ਕ੍ਰਿਸ਼ਨਾ ਫੂਡਜ਼ ਅਤੇ ਬਰਨਾਲਾ ਦੀ ਜੁਗਲ ਕਿਸ਼ੋਰ ਐਂਡ ਕੰਪਨੀ ਸ਼ਾਮਲ ਹਨ।