1000 ਕਰੋੜ ਦੀ ਟੈਰਰ ਫੰਡਿੰਗ

10/10/2017 6:30:48 AM

ਅੰਮ੍ਰਿਤਸਰ, (ਨੀਰਜ)-  ਸਾਬਕਾ ਯੂ. ਪੀ. ਏ. ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਸ਼ੁਰੂ ਕੀਤਾ ਗਿਆ ਬਾਰਟਰ ਟ੍ਰੇਡ ਅੱਤਵਾਦੀਆਂ ਦੀ ਪਾਲਣਾ ਕਰ ਰਿਹਾ ਹੈ। ਐੱਨ. ਆਈ. ਏ. (ਰਾਸ਼ਟਰੀ ਸੁਰੱਖਿਆ ਏਜੰਸੀ) ਵੱਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੀ ਗਈ ਜਾਂਚ ਤੋਂ ਬਾਅਦ ਵੀ ਰਿਪੋਰਟ ਵਿਚ ਇਕ ਹਜ਼ਾਰ ਕਰੋੜ ਦੀ ਟੈਰਰ ਫੰਡਿੰਗ ਦਾ ਜੰਮੂ-ਕਸ਼ਮੀਰ ਬਾਰਟਰ ਟ੍ਰੇਡ ਵਿਚ ਖੁਲਾਸਾ ਹੋ ਚੁੱਕਾ ਹੈ ਪਰ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਦੀ ਰਿਪੋਰਟ ਤੋਂ ਬਾਅਦ ਵੀ ਪੀ. ਐੱਮ. ਓ. ਨਹੀਂ ਜਾਗ ਰਿਹਾ। ਅਧਿਕਾਰਤ ਤੌਰ 'ਤੇ ਜੰਮੂ-ਕਸ਼ਮੀਰ ਦੇ ਬਾਰਟਰ ਟ੍ਰੇਡ ਨੂੰ ਬੰਦ ਕਰਨ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਸਖਤੀ ਜ਼ਰੂਰ ਕੀਤੀ ਜਾ ਰਹੀ ਹੈ ਅਤੇ ਅਣਅਧਿਕਾਰਤ ਤੌਰ 'ਤੇ ਇਹ ਬਾਰਟਰ ਟ੍ਰੇਡ ਬੰਦ ਕੀਤਾ ਗਿਆ ਹੈ ਪਰ ਪਿਛਲੇ ਅੱਠ ਸਾਲਾਂ ਤੋਂ ਇਸ ਬਾਰਟਰ ਟ੍ਰੇਡ ਨੂੰ ਬੰਦ ਕਰਨ ਦੀ ਕਾਨੂੰਨੀ ਲੜਾਈ ਲੜ ਰਹੇ ਵਪਾਰੀ ਪੀ. ਐੱਮ. ਓ. ਦਫਤਰ ਦੀ ਇਸ ਲਾਪ੍ਰਵਾਹੀ ਤੋਂ ਨਾਰਾਜ਼ ਹਨ ਅਤੇ ਮੰਗ ਕਰ ਰਹੇ ਹਨ ਕਿ ਇਸ ਬਾਰਟਰ ਟ੍ਰੇਡ ਨੂੰ ਪਹਿਲ ਦੇ ਆਧਾਰ 'ਤੇ ਤੁਰੰਤ ਬੰਦ ਕਰ ਦਿੱਤਾ ਜਾਵੇ ਕਿਉਂਕਿ ਇਸ ਟ੍ਰੇਡ ਦੀ ਆੜ ਵਿਚ ਹੋ ਰਿਹਾ ਹਵਾਲਾ ਅੱਤਵਾਦੀਆਂ ਦੀ ਪਾਲਣਾ ਤਾਂ ਕਰ ਹੀ ਰਿਹਾ ਹੈ, ਉਥੇ ਹੀ ਦੇਸ਼ ਦੀ ਮਾਲੀ ਹਾਲਤ ਦੇ ਨਾਲ-ਨਾਲ ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਹੋਣ ਵਾਲੇ ਭਾਰਤ-ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕਾਰੋਬਾਰ ਨੂੰ ਵੀ ਖੋਖਲਾ ਕਰ ਰਿਹਾ ਹੈ। ਵਪਾਰੀਆਂ ਦੀ ਮੰਗ ਹੈ ਕਿ ਇਸ ਬਾਰਟਰ ਟ੍ਰੇਡ ਨੂੰ ਬੰਦ ਕਰਨ ਦੇ ਨਾਲ-ਨਾਲ ਉਨ੍ਹਾਂ ਲੋਕਾਂ 'ਤੇ ਵੀ ਕਾਰਵਾਈ ਕੀਤੀ ਜਾਵੇ, ਜੋ ਇਸ ਟ੍ਰੇਡ ਵਿਚ ਕੰਮ ਕਰ ਰਹੇ ਸਨ। ਐੱਨ. ਆਈ. ਏ. ਦੀ ਜਾਂਚ ਤੋਂ ਬਾਅਦ ਦਰਜਨਾਂ ਵੱਖਵਾਦੀ ਨੇਤਾ ਤਾਂ ਫੜੇ ਹੀ ਜਾ ਚੁੱਕੇ ਹਨ ਪਰ ਉਨ੍ਹਾਂ ਵਪਾਰੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਚਕਾਨ ਦਾ ਬਾਗ (ਜੰਮੂ-ਕਸ਼ਮੀਰ) ਅਤੇ ਸਲਾਮਾਬਾਦ ਦੇ ਬਾਰਟਰ ਟ੍ਰੇਡ ਵਿਚ ਕੰਮ ਕਰ ਰਹੇ ਸਨ। 
ਕੀ ਹੈ ਜੰਮੂ-ਕਸ਼ਮੀਰ ਦਾ ਬਾਰਟਰ ਟ੍ਰੇਡ
ਜੰਮੂ-ਕਸ਼ਮੀਰ ਦੇ ਬਾਰਟਰ ਟ੍ਰੇਡ ਬਾਰੇ ਦੱਸਦੇ ਚਲੀਏ ਕਿ ਕੇਂਦਰ ਦੀ ਸਾਬਕਾ ਯੂ. ਪੀ. ਏ. ਸਰਕਾਰ ਵੱਲੋਂ ਪਾਕਿਸਤਾਨ ਨਾਲ ਦੋਸਤਾਨਾ ਹੱਥ ਵਧਾਉਂਦੇ ਹੋਏ ਪੀ. ਓ. ਕੇ. (ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ) ਅਤੇ ਭਾਰਤੀ ਜੰਮੂ-ਕਸ਼ਮੀਰ ਦੇ ਲੋਕਾਂ ਵਿਚ ਉਥੋਂ ਦੀ ਲੋਕਲ ਪੈਦਾ ਹੋਣ ਵਾਲੀਆਂ ਵਸਤਾਂ ਆਪਸੀ ਆਯਾਤ-ਨਿਰਯਾਤ ਕਰਨ ਲਈ ਬਾਰਟਰ ਟ੍ਰੇਡ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਸਮੇਂ ਪੂਰੀ ਦੁਨੀਆ ਵਿਚ ਕਿਤੇ ਵੀ ਬਾਰਟਰ ਟ੍ਰੇਡ ਨਹੀਂ ਚੱਲ ਰਿਹਾ। ਇਸ ਬਾਰਟਰ ਟ੍ਰੇਡ ਦੀ ਆੜ ਵਿਚ ਅਜਿਹੀਆਂ ਵਸਤਾਂ ਦਾ ਵੀ ਆਯਾਤ-ਨਿਰਯਾਤ ਸ਼ੁਰੂ ਹੋ ਗਿਆ, ਜੋ ਕਿ ਜੰਮੂ-ਕਸ਼ਮੀਰ ਵਿਚ ਪੈਦਾ ਹੀ ਨਹੀਂ ਹੁੰਦੀਆਂ। ਇਸ ਵਿਚ ਵਪਾਰੀਆਂ ਨੂੰ ਰੁਪਏ ਰਾਹੀਂ ਜਾਂ ਬੈਂਕ ਰਾਹੀਂ ਭੁਗਤਾਨ ਨਹੀਂ ਕਰਨਾ ਹੁੰਦਾ ਅਤੇ ਜੰਮੂ-ਕਸ਼ਮੀਰ ਦੇ ਪੱਥਰਬਾਜ਼ਾਂ ਤੋਂ ਲੈ ਕੇ ਅੱਤਵਾਦੀਆਂ ਤੱਕ ਨੂੰ ਫੰਡਿੰਗ ਹੋਣੀ ਸ਼ੁਰੂ ਹੋ ਗਈ। ਆਈ. ਪੀ. ਸੀ. ਪੀ. ਅਟਾਰੀ ਅੰਮ੍ਰਿਤਸਰ ਦੇ ਜ਼ਰੀਏ ਹੋਣ ਵਾਲਾ ਆਯਾਤ-ਨਿਰਯਾਤ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਅੰਮ੍ਰਿਤਸਰ ਸਮੇਤ ਪੰਜਾਬ ਅਤੇ ਦਿੱਲੀ ਦੇ ਕਈ ਵਪਾਰੀਆਂ ਨੇ ਵੀ ਜੰਮੂ-ਕਸ਼ਮੀਰ ਦੇ ਬਾਰਟਰ ਸਿਸਟਮ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਹਾਲਾਂਕਿ ਅਜਿਹੇ ਵਪਾਰੀਆਂ ਨੂੰ ਬਾਅਦ ਵਿਚ ਕਾਫ਼ੀ ਨੁਕਸਾਨ ਵੀ ਚੁੱਕਣਾ ਪਿਆ।