ਕਰਾਸ ਕੇਸ ''ਚ ਸਤਵਿੰਦਰ ਧਿਰ ਨੂੰ 10-10 ਸਾਲ ਦੀ ਕੈਦ, ਇਕ ਬਰੀ

03/16/2018 6:34:19 AM

ਜਲੰਧਰ, (ਜਤਿੰਦਰ, ਭਾਰਦਵਾਜ)¸ ਐਡੀਸ਼ਨਲ ਸੈਸ਼ਨ ਜੱਜ ਜੀ. ਐੱਸ. ਢਿੱਲੋਂ ਦੀ ਅਦਾਲਤ ਵਲੋਂ ਲੜਾਈ ਝਗੜਾ ਕਰ ਕੇ ਸੱਟਾਂ ਲਗਾਉਣ ਅਤੇ ਜਾਨਲੇਵਾ ਹਮਲਾ ਕਰ ਕੇ ਸੱਟਾਂ ਮਾਰਨ ਦੇ ਕਰਾਸ ਕੇਸ ਵਿਚ ਇਕ ਪਾਰਟੀ ਦੇ ਸਤਵਿੰਦਰ ਸਿੰਘ ਪੁੱਤਰ ਕਰਮ ਸਿੰਘ, ਇੰਦਰਪ੍ਰੀਤ ਪੁੱਤਰ ਸਤਵਿੰਦਰ ਸਿੰਘ, ਬਹਾਦਰ ਸਿੰਘ ਨੂੰ ਗੁਰਦੀਪ ਸਿੰਘ, ਰਣਦੀਪ ਸਿੰਘ ਅਤੇ ਹਰਵੀਰ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਐਡਵੋਕੇਟ ਨਵਤੇਜ ਸਿੰਘ ਮਿਨਹਾਸ ਦੀ ਬਹਿਸ ਨਾਲ ਸਹਿਮਤ ਹੁੰਦਿਆਂ ਦੋਸ਼ ਸਾਬਤ ਹੋ ਜਾਣ 'ਤੇ ਦੋਸ਼ੀ ਕਰਾਰ ਦਿੰਦੇ ਹੋਏ ਤਿੰਨਾਂ ਨੂੰ 10-10 ਸਾਲ ਦੀ ਕੈਦ ਅਤੇ 35-35 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ 2-2 ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਜਦ ਕਿ ਚੌਥੇ ਸਾਥੀ ਜ਼ੋਰਾਵਰ ਸਿੰਘ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ। ਇਸ ਕੇਸ ਵਿਚ ਜਸਪਾਲ ਸਿੰਘ ਉਰਫ ਪਾਲਾ, ਯੋਧਵੀਰ ਸਿੰਘ ਅਤੇ ਪਰਮਿੰਦਰ ਸਿੰਘ ਪਹਿਲਾਂ ਹੀ ਭਗੌੜੇ ਕਰਾਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਗੁਰਵਿੰਦਰ ਦਾ ਕੇਸ ਯੁਵੇਨਾਈਲ ਕੋਰਟ ਵਿਚ ਚੱਲ ਰਿਹਾ ਹੈ।
ਜਦ ਕਿ ਦੂਜੀ ਪਾਰਟੀ ਦੇ ਗੁਰਦੀਪ ਸਿੰਘ, ਮਾਨ ਸਿੰਘ ਉਰਫ ਮੰਨਾ, ਕੁਲਜੀਤ ਸਿੰਘ, ਕੁਲਵੀਰ ਸਿੰਘ, ਰਣਦੀਪ ਸਿੰਘ, ਹਰਜੀਤ ਸਿੰਘ, ਹਰਵੀਰ ਸਿੰਘ ਅਤੇ ਸਰਬਜੀਤ ਨੂੰ ਝਗੜਾ ਕਰ ਕੇ ਸੱਟਾਂ ਮਾਰਨ ਦੇ ਮਾਮਲੇ ਵਿਚ ਦੋਸ਼ ਸਾਬਤ ਨਾ ਹੋਣ 'ਤੇ ਵਕੀਲ ਨਵਤੇਜ ਸਿੰਘ ਮਿਨਹਾਸ ਦੀ ਬਹਿਸ ਨਾਲ ਸਹਿਮਤ ਹੁੰਦਿਆਂ ਬਰੀ ਕਰ ਦਿੱਤਾ ਗਿਆ।
ਇਸ ਮਾਮਲੇ ਵਿਚ  20.1.10 ਨੂੰ ਗੁਰਦੀਪ ਸਿੰਘ ਨਿਵਾਸੀ ਜਮਸ਼ੇਰ ਨੇ ਥਾਣਾ ਸਦਰ ਵਿਚ ਰਿਪੋਰਟ ਦਰਜ ਕਰਵਾਈ ਸੀ ਕਿ ਉਹ ਘਰ ਦੇ ਕੋਲ ਗਲੀ ਵਿਚ ਆਪਣੇ ਭਰਾ ਰਣਦੀਪ ਸਿੰਘ ਅਤੇ ਹਰਵੀਰ ਸਿੰਘ ਦੇ ਨਾਲ ਖੜ੍ਹਾ ਸੀ ਕਿ ਅਚਾਨਕ ਸਤਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਬਹਾਦਰ ਸਿੰਘ, ਜ਼ੋਰਾਵਰ ਸਿੰਘ ਸਮੇਤ 8 ਲੋਕਾਂ ਨੇ ਉਨ੍ਹਾਂ 'ਤੇ ਤਲਵਾਰਾਂ ਅਤੇ ਦਾਤਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਸਾਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਕੇ ਫਰਾਰ ਹੋ ਗਏ ਸਨ।
ਵਜ੍ਹਾ ਹਮਲਾ ਪੰਚਾਇਤ ਮੈਂਬਰਾਂ ਦੀਆਂ ਹੋਈਆਂ ਚੋਣਾਂ ਦੀ ਰੰਜਿਸ਼ ਸੀ ਜਦ ਕਿ ਦੂਜੀ ਪਾਰਟੀ ਦੇ ਇੰਦਰਪ੍ਰੀਤ ਅਤੇ ਹੋਰਨਾਂ ਸਾਥੀਆਂ ਵਲੋਂ ਗੁਰਦੀਪ ਸਿੰਘ, ਮਾਨ ਸਿੰਘ, ਕੁਲਵੀਰ ਸਿੰਘ, ਰਣਦੀਪ, ਹਰਜੀਤ ਸਿੰਘ ਅਤੇ ਹਰਵੀਰ ਵਗੈਰਾ 8 ਵਿਅਕਤੀਆਂ ਵਿਰੁੱਧ ਉਨ੍ਹਾਂ 'ਤੇ ਹਮਲਾ ਕਰ ਕੇ ਸੱਟਾਂ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਵਿਚ ਕਰਾਸ ਕੇਸ ਦਰਜ ਕਰਵਾਇਆ ਗਿਆ ਸੀ।


Related News