ਨਸ਼ਾ ਸਮੱਗਲਿੰਗ ਦੇ ਮਾਮਲੇ ''ਚ 10 ਸਾਲ ਦੀ ਕੈਦ ਤੇ ਜੁਰਮਾਨਾ

01/06/2018 6:53:00 AM

ਕਪੂਰਥਲਾ, (ਮਲਹੋਤਰਾ)- ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਮਾਣਯੋਗ ਸਚਿਨ ਕੁਮਾਰ ਸ਼ਰਮਾ ਦੀ ਅਦਾਲਤ 'ਚ ਚੱਲ ਰਹੇ ਨਸ਼ਾ ਸਮੱਗਲਿੰਗ ਦੇ ਇਕ ਮਾਮਲੇ 'ਚ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਅੱਜ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਜੁਰਮਾਨਾ ਨਾ ਦੇਣ ਦੀ ਸੂਰਤ 'ਚ ਦੋਸ਼ੀ ਨੂੰ ਹੋਰ ਸਜ਼ਾ ਭੁਗਤਣੀ ਪਵੇਗੀ। 
ਜਾਣਕਾਰੀ ਅਨੁਸਾਰ ਮੁਖਬਰ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਸਾਲ 2014 ਦੌਰਾਨ ਪਿੰਡ ਸੰਧਰ ਜਗੀਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਪੁਲਸ ਪਾਰਟੀ ਨੇ ਸਾਹਮਣੇ ਤੋਂ ਆਏ ਇਕ ਸ਼ੱਕੀ ਵਿਅਕਤੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਨੂਪ ਸਿੰਘ ਨਿਵਾਸੀ ਤਹਿਸੀਲ ਭੱਟੀ ਜ਼ਿਲਾ ਤਰਨਤਾਰਨ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਤੇ 60 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ।  ਦੋਸ਼ੀ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਨਸ਼ੇ ਵਾਲੇ ਪਾਊਡਰ ਤੇ ਹੈਰੋਇਨ ਦੇ ਨਮੂਨੇ ਲੈਬ 'ਚ ਭੇਜ ਦਿੱਤੇ ਤੇ ਮਾਮਲੇ 'ਚ ਫੜੇ ਦੋਸ਼ੀ ਨੂੰ ਅਦਾਲਤ 'ਚ ਭੇਜ ਦਿੱਤਾ। ਲਗਾਤਾਰ 3 ਸਾਲਾਂ ਤੱਕ ਮਾਣਯੋਗ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣੀਆਂ। ਅੱਜ ਮਾਣਯੋਗ ਸਚਿਨ ਸ਼ਰਮਾ ਦੀ ਅਦਾਲਤ ਨੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ।