ਦਾਜ ਲਈ ਪ੍ਰੇਸ਼ਾਨ ਕਰਨ ਦੇ ਕੇਸ 'ਚ ਪਤੀ ਤੇ ਸੱਸ ਨੂੰ 10-10 ਸਾਲ ਦੀ ਕੈਦ

04/26/2018 7:42:07 AM

ਕਪੂਰਥਲਾ, (ਮਲਹੋਤਰਾ)— ਵਧੀਕ ਜ਼ਿਲਾ ਤੇ ਸੈਸ਼ਨ ਜੱਜ ਗੁਰਦਰਸ਼ਨ ਕੌਰ ਧਾਲੀਵਾਲ ਦੀ ਅਦਾਲਤ 'ਚ ਦਾਜ ਲਈ ਤੰਗ ਕਰਨ ਦੇ ਮਾਮਲੇ 'ਚ ਤੰਗ ਆ ਕੇ ਵਿਆਹੁਤਾ ਵਲੋਂ ਆਤਮ-ਹੱਤਿਆ ਕਰਨ ਦੇ ਚੱਲ ਰਹੇ ਮਾਮਲੇ 'ਚ ਕਈ ਸਾਲ ਕੇਸ ਚੱਲਣ ਉਪਰੰਤ ਫੈਸਲਾ ਸੁਣਾਉਂਦੇ ਹੋਏ ਮ੍ਰਿਤਕਾ ਦੇ ਪਤੀ ਤੇ ਉਸ ਦੀ ਸੱਸ ਨੂੰ 10-10 ਸਾਲ ਦੀ ਕੈਦ ਦੀ ਸਖ਼ਤ ਸਜ਼ਾ ਦਾ ਹੁਕਮ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਾਲ 2014 ਨੂੰ ਥਾਣਾ ਸਿਟੀ ਫਗਵਾੜਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕ੍ਰਿਸ਼ਨ ਕੁਮਾਰ ਅਰੋੜਾ ਪੁੱਤਰ ਖੈਰਾਤੀ ਲਾਲ ਨਿਵਾਸੀ ਹਾਊਸਿੰਗ ਬੋਰਡ ਕਾਲੋਨੀ ਅਰਬਨ ਅਸਟੇਟ ਫੇਸ-1 ਨੇ ਦੱਸਿਆ ਸੀ ਕਿ ਉਸਦੀ ਬੇਟੀ ਨੇਹਾ ਦਾ ਵਿਆਹ ਸਾਲ 2011 ਨੂੰ ਵਿਵੇਕ ਜਲੋਟਾ ਪੁੱਤਰ ਰਾਕੇਸ਼ ਕੁਮਾਰ ਜਲੋਟਾ ਨਿਵਾਸੀ ਵਿਸ਼ਵਕਰਮਾ ਨਗਰ, ਹੁਸ਼ਿਆਰਪੁਰ ਰੋਡ ਫਗਵਾੜਾ ਨਾਲ ਹੋਇਆ ਸੀ। ਉਸ ਨੇ ਆਪਣੇ ਹੈਸੀਅਤ ਤੋਂ ਵੱਧ ਕੇ ਵਿਆਹ 'ਤੇ ਖਰਚਾ ਕਰਦੇ ਹੋਏ ਘਰ 'ਚ ਪ੍ਰਯੋਗ ਹੋਣ ਵਾਲਾ ਹਰ ਤਰ੍ਹਾਂ ਦਾ ਸਾਮਾਨ ਦਿੱਤਾ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਬੇਟੀ ਦੀ ਉਸ ਦਾ ਪਤੀ ਵਿਵੇਕ ਜਲੋਟਾ, ਸੱਸ ਪੂਨਮ ਜਲੋਟਾ, ਸਹੁਰਾ ਰਾਕੇਸ਼ ਕੁਮਾਰ ਜਲੋਟਾ ਤੇ ਦਿਓਰ ਹੇਮੰਤ ਕੁਮਾਰ ਜਲੋਟਾ ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਦੇ ਸਨ। ਉਸ ਨੂੰ ਗੱਲ-ਗੱਲ 'ਤੇ ਤਾਅਨੇ ਦਿੰਦੇ ਹੋਏ ਘੱਟ ਦਾਜ ਲਿਆਉਣ ਅਤੇ ਹੋਰ ਸਾਮਾਨ ਲਿਆਉਣ ਲਈ ਕਹਿੰਦੇ ਸਨ, ਜਿਸ ਕਾਰਨ ਕਈ ਵਾਰ ਉਹ ਮੋਹਤਬਰ ਲੋਕਾਂ ਨੂੰ ਨਾਲ ਲੈ ਕੇ ਪੰਚਾਇਤਾਂ ਕਰਨ ਤੋਂ ਬਾਅਦ ਆਪਣੀ ਲੜਕੀ ਦਾ ਘਰ ਵਸਾਉਣ ਲਈ ਉਸ ਨੂੰ ਉਸ ਦੇ ਸਹੁਰੇ ਛੱਡ ਆਉਂਦੇ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਜਨਵਰੀ 2014 ਨੂੰ ਸ਼ਿਵ ਹਾਂਡਾ ਨਾਮਕ ਵਿਅਕਤੀ ਨੇ ਉਸ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਉਸ ਦੀ ਬੇਟੀ ਨੇ ਆਤਮ-ਹੱਤਿਆ ਕਰ ਲਈ ਹੈ, ਜਦ ਉਨ੍ਹਾਂ ਮੌਕੇ 'ਤੇ ਲੜਕੀ ਦੇ ਸਹੁਰੇ ਘਰ ਫਗਵਾੜਾ ਜਾ ਕੇ ਦੇਖਿਆ ਤਾਂ ਉਸ ਦੀ ਬੇਟੀ ਨੇਹਾ ਦੀ ਲਾਸ਼ ਘਰ ਦੇ ਇਕ ਕਮਰੇ ਦੇ ਫਰਸ਼ 'ਤੇ ਪਈ ਸੀ। ਬਿਆਨਾਂ ਤੇ ਜਾਂਚ-ਪੜਤਾਲ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਚਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।