ਬਿਆਸ ਦਰਿਆ ਕਿਨਾਰੇ ਸਰਕੰਡਿਆਂ ’ਚੋਂ 10 ਕੁਇੰਟਲ ਲਾਹਣ ਬਰਾਮਦ

05/21/2020 5:45:55 PM

ਦਸੂਹਾ(ਝਾਵਰ) - ਦਸੂਹਾ ਪੁਲਸ ਵੱਲੋਂ ਬੀਤੀ ਸ਼ਾਮ ਬਿਆਸ ਦਰਿਆ ਦੇ ਮੰਡ ਇਲਾਕੇ ਦੇ ਕਿਨਾਰੇ ਸਰਕੰਡਿਆਂ ’ਚ ਨਾਜਾਇਜ਼ ਸ਼ਰਾਬ ਫਡ਼ਨ ਲਈ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ, ਏ. ਐੱਸ. ਆਈ. ਹਰਭਜਨ ਸਿੰਘ, ਏ. ਐੱਸ. ਆਈ. ਲਖਵੀਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਲਗਭਗ 10 ਵੱਡੇ ਅਾਕਾਰ ਦੇ ਟੋਇਆਂ ਵਿਚ ਪਲਾਸਟਿਕ ਦੀਆਂ ਤਰਪਾਲਾਂ ’ਚ ਦੇਸੀ ਸ਼ਰਾਬ ਤਿਆਰ ਕਰਨ ਲਈ ਲਾਹਣ ਤਿਆਰ ਕੀਤੀ ਹੋਈ ਸੀ। ਇਸ ਸਬੰਧੀ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਨੇ ਦੱਸਿਆ ਕਿ ਬਿਆਸ ਦੇ ਕਿਨਾਰਿਆਂ ’ਤੇ ਸਰਕੰਡਿਆਂ ਵਿਚ ਪੁਲਸ ਮੁਲਾਜ਼ਮਾਂ ਨੂੰ ਖਤਰਨਾਕ ਸੱਪਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਅਾਧਾਰ ’ਤੇ ਛਾਪੇਮਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਗੁਰਦਾਸਪੁਰ ਦੇ ਪਿੰਡ ਮੌਜਪੁਰ ਦੇ ਸ਼ਰਾਬ ਦੇ ਕਥਿਤ ਸਮੱਗਲਰ ਦਸੂਹਾ ਇਲਾਕੇ ਵਿਚ ਬਿਆਸ ਦਰਿਆ ਦੇ ਕਿਨਾਰਿਆਂ ’ਤੇ ਦੇਸੀ ਸ਼ਰਾਬ ਕੱਢਦੇ ਹਨ ਅਤੇ ਇਹ ਸ਼ਰਾਬ ਮਨੁੱਖ ਦੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲਗਭਗ 10 ਕੁਇੰਟਲ ਲਾਹਣ ਬਰਾਮਦ ਕੀਤੀ ਗਈ ਹੈ। ਜਿਸ ਸਬੰਧੀ ਆਬਕਾਰੀ ਵਿਭਾਗ ਦੀ ਇੰਸਪੈਕਟਰ ਮਨਜੀਤ ਕੌਰ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਜਾਵੇ।

ਇਸ ਤੋਂ ਇਲਾਵਾ ਜਦੋਂ ਪੁਲਸ ਟੀਮ ਦੇਰ ਸ਼ਾਮ ਵਾਪਸ ਆ ਰਹੀ ਸੀ ਤਾਂ ਪਿੰਡ ਹਮਜਾ ਲਿੰਕ ਰੋਡ ’ਤੇ ਇਕ ਵਿਅਕਤੀ ਚਮਨ ਲਾਲ ਵਾਸੀ ਬਾਲਾ ਕੁੱਲੀਆਂ ਦਾ ਜਦੋਂ ਬੈਗ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ 6930 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। 3 ਹੋਰ ਵਿਅਕਤੀ ਸੰਤੋਖ ਗੋਪੀ, ਨੂਰਾ ਤੇ ਵਿੱਕੀ, ਜੋ ਕਾਰ ਵਿਚ ਆ ਰਹੇ ਸਨ, ਦੀ ਕਾਰ ਦੀ ਤਲਾਸ਼ੀ ਲਈ ਤਾਂ 6750 ਮਿਲੀਲੀਟਰ ਸ਼ਰਾਬ ਬਰਾਮਦ ਹੋਈ।


 

Harinder Kaur

This news is Content Editor Harinder Kaur