10 ਲੱਖ ਆਬਾਦੀ, 446 ਪਾਰਕ, ਚੰਗੀ ਹਾਲਤ ਵਿਚ ਸਿਰਫ 13

12/05/2017 6:50:56 AM

ਜਲੰਧਰ, (ਨਰੇਸ਼)- ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਦਿੱਲੀ ਤੋਂ ਮਾੜਾ ਹੈ ਤੇ ਇਹ ਔਸਤਨ 300 ਦੇ ਪਾਰ ਜਾ ਰਿਹਾ ਹੈ ਪਰ ਸ਼ਹਿਰ ਵਿਚ ਪ੍ਰਦੂਸ਼ਣ ਖਿਲਾਫ ਲੜਾਈ ਵਿਚ ਨਗਰ ਨਿਗਮ ਫੇਲ ਸਾਬਿਤ ਹੋ ਰਿਹਾ ਹੈ। ਨਗਰ ਨਿਗਮ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਜਾਰੀ ਹੈ ਪਰ ਫਿਰ ਵੀ ਸ਼ਹਿਰ ਦਾ ਪ੍ਰਦੂਸ਼ਣ ਤੇ ਪ੍ਰਦੂਸ਼ਣ ਖਿਲਾਫ ਜੰਗ ਵਿਚ ਸਹਾਇਕ ਬਣ ਸਕਣ ਵਾਲੇ ਪਾਰਕ ਚੋਣਾਂ ਵਿਚ ਕੋਈ ਮੁੱਦਾ ਨਹੀਂ ਹਨ। ਸ਼ਹਿਰ ਦੀ ਅੰਦਾਜ਼ਨ ਆਬਾਦੀ ਇਸ ਸਮੇਂ 10 ਲੱਖ ਹੈ ਤੇ ਨਿਗਮ ਰਿਕਾਰਡ ਮੁਤਾਬਿਕ ਸ਼ਹਿਰ ਵਿਚ 446  ਪਾਰਕ ਹਨ ਜਿਨ੍ਹਾਂ ਵਿਚੋਂ ਸਿਰਫ 13 ਪਾਰਕ ਹੀ ਸੈਰ ਕਰਨ ਲਾਇਕ ਹਨ। ਬਾਕੀ ਪਾਰਕ ਜਾਂ ਤਾਂ ਅੰਡਰ ਡਿਵੈੱਲਪ ਹਨ ਜਾਂ ਇਨ੍ਹਾਂ ਦੀ ਡਿਵੈੱਲਪਮੈਂਟ ਨਹੀਂ ਹੋਈ ਹੈ। ਜੇਕਰ ਇਨ੍ਹਾਂ 446 ਪਾਰਕਾਂ ਵਿਚ ਅੰਦਾਜ਼ਨ 10 ਬੂਟੇ ਲਾ ਕੇ ਇਨ੍ਹਾਂ ਦਾ ਧਿਆਨ ਰੱਖਿਆ ਜਾਵੇ ਤਾਂ ਅਗਲੇ 5 ਤੋਂ 6 ਸਾਲਾਂ ਵਿਚ ਸ਼ਹਿਰ ਨੂੰ ਕਰੀਬ 4500 ਨਵੇਂ ਬੂਟੇ ਮਿਲ ਸਕਦੇ ਹਨ। ਇਹ ਬੂਟੇ ਨਾ ਸਿਰਫ ਪ੍ਰਦੂਸ਼ਣ ਖਿਲਾਫ ਜੰਗ ਵਿਚ ਸਹਾਇਕ ਸਾਬਿਤ ਹੋਣਗੇ ਸਗੋਂ ਸ਼ਹਿਰ ਦੇ ਲੋਕਾਂ ਨੂੰ ਸਾਫ ਹਵਾ ਵੀ ਮਿਲੇਗੀ। 
ਮਾਲੀ ਦੀ 1000 ਰੁਪਏ ਮਹੀਨਾ ਤਨਖਾਹ, ਪਾਰਕ ਸੁੰਨਸਾਨ : ਸਾਲਾਂ ਪਹਿਲਾਂ ਸ਼ਹਿਰ ਦੇ ਇਲਾਕੇ ਦੇ ਹਿਸਾਬ ਨਾਲ ਜਲੰਧਰ ਨਗਰ ਨਿਗਮ ਵਿਚ ਮਾਲੀਆਂ ਦੀਆਂ 145 ਪੋਸਟਾਂ ਸਨ। ਇਨ੍ਹਾਂ ਪੋਸਟਾਂ 'ਤੇ ਤਾਇਨਾਤ ਮਾਲੀਆਂ ਵਿਚੋਂ ਕਈ ਮਾਲੀ ਰਿਟਾਇਰ ਹੋ ਗਏ ਜਦੋਂ ਕਿ ਕਈ ਹੋਰ ਕਾਰਨਾਂ ਕਾਰਨ ਪੋਸਟਾਂ 'ਤੇ ਨਹੀਂ ਰਹਿ ਸਕੇ। ਮੌਜੂਦਾ ਸਮੇਂ ਵਿਚ ਕਰੀਬ 85 ਮਾਲੀ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਲੀ ਉਹ ਕੰਮ ਕਰਦੇ ਹਨ ਜਿਨ੍ਹਾਂ ਲਈ ਇਨ੍ਹਾਂ ਦੀ ਨਿਯੁਕਤੀ ਨਹੀਂ ਹੋਈ ਹੈ। ਕੁਝ ਮਾਲੀ ਅਫਸਰਾਂ ਦੇ ਪਾਰਕਾਂ ਵਿਚ ਕੰਮ ਕਰਦੇ ਹਨ। ਜਦੋਂ ਕਿ ਕੁਝ ਮਾਲੀ ਨਿਗਮ ਵਿਚ ਦਰਜਾ ਚਾਰ ਕਰਮਚਾਰੀਆਂ ਦੇ ਕੰਮ ਤੋਂ ਇਲਾਵਾ ਡਰਾਈਵਰ ਦਾ ਕੰਮ ਵੀ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਦਾ ਘੇਰਾ ਵਧਿਆ ਹੈ ਤੇ ਸ਼ਹਿਰ ਵਿਚ ਸੜਕਾਂ ਦੇ ਕੰਢੇ ਤੇ ਡਿਵਾਈਡਰਾਂ 'ਤੇ ਲੱਗੇ ਬੂਟੇ ਛਾਂਗਣ ਦਾ ਕੰਮ ਵੀ ਇਹ ਮਾਲੀ ਹੀ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ਹਿਰ ਵਿਚ ਪਾਰਕਾਂ ਦਾ ਸੰਚਾਲਨ ਕਰਨ ਵਾਲੀਆਂ ਮੁਹੱਲਾ ਵੈੱਲਫੇਅਰ ਸੁਸਾਇਟੀਆਂ ਨੇ ਆਪਣੇ ਪੱਧਰ 'ਤੇ ਮਾਲੀ ਰੱਖੇ ਹੋਏ ਹਨ। ਸੁਸਾਇਟੀਆਂ ਤੇ ਨਿਗਮ ਦੇ ਮਾਲੀ ਮਿਲਾ ਕੇ ਮਾਲੀਆਂ ਦੀ ਕੁਲ ਗਿਣਤੀ ਕਰੀਬ 455 ਹੈ। ਸੁਸਾਇਟੀਆਂ ਵੱਲੋਂ ਰੱਖੇ ਗਏ ਮਾਲੀਆਂ ਨੂੰ ਨਿਗਮ ਵੱਲੋਂ ਇਨ੍ਹਾਂ ਨੂੰ ਪੈਸੇ ਦੇਣ ਲਈ ਮੈਚਿੰਗ ਗਰਾਂਟ ਦੇ ਤੌਰ 'ਤੇ 1 ਹਜ਼ਾਰ ਰੁਪਏ ਹਰੇਕ ਮਾਲੀ ਪ੍ਰਤੀ ਮਹੀਨਾ ਮਿਲਦਾ ਹੈ। ਇੰਨੇ ਘੱਟ ਪੈਸੇ ਵਿਚ ਮਾਲੀ ਕੰਮ ਕਰਨਾ ਨਹੀਂ ਚਾਹੁੰਦੇ ਇਸ ਲਈ ਸ਼ਹਿਰ ਦੇ ਜ਼ਿਆਦਾਤਰ ਪਾਰਕ ਬਿਨਾਂ ਹਰਿਆਲੀ ਦੇ ਸੁੰਨਸਾਨ ਹਨ। 


ਨਿਗਮ ਨੇ ਇਸੇ ਸਾਲ ਕੀਤਾ ਸਰਵੇ : ਨਗਰ ਨਿਗਮ ਨੇ ਸ਼ਹਿਰ ਦੇ ਪਾਰਕਾਂ ਦੀ ਹਾਲਤ ਨੂੰ ਲੈ ਕੇ ਇਸੇ ਸਾਲ ਸਰਵੇ ਕੀਤਾ ਹੈ। ਸ਼ਹਿਰ ਦੇ ਪਾਰਕਾਂ ਦੀ ਚੰਗੀ ਤੇ ਬਹੁਤ ਚੰਗੀ ਹੋਣ ਦੀ ਰਿਪੋਰਟ ਇਸੇ ਸਰਵੇ ਦਾ ਨਤੀਜਾ ਹੈ। ਇਸ ਸਰਵੇ ਵਿਚ ਸ਼ਹਿਰ ਦੇ ਜ਼ਿਆਦਾਤਰ ਪਾਰਕਾਂ ਦੀ ਬਾਊਂਡਰੀ ਵਾਲ ਟੁੱਟਣ ਤੇ ਰੰਗ ਰੋਗਨ ਨਾ ਹੋਣ ਦੀ ਗੱਲ ਕਹੀ ਗਈ ਹੈ ਪਰ ਇਸ ਸਰਵੇ ਦੀ ਰਿਪੋਰਟ 'ਤੇ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਸਰਵੇ ਰਿਪੋਰਟ ਵਿਚ ਸ਼ਹਿਰ ਦੇ ਵਾਰਡ ਦੇ ਹਿਸਾਬ ਨਾਲ ਪਾਰਕਾਂ ਦੀ ਗਿਣਤੀ ਪਾਰਕਾਂ ਵਿਚ ਉਪਲਭਧ ਸਹੂਲਤਾਂ, ਮਾਲੀਆਂ ਦੀ ਗਿਣਤੀ ਤੇ ਪਾਰਕ ਦੀ ਹਾਲਤ ਨੂੰ ਵਿਸਤਾਰ ਨਾਲ ਦੱਸਿਆ ਗਿਆ ਹੈ। 
ਦੀਵੇ ਥੱਲੇ ਹਨੇਰਾ, ਕੰਪਨੀ ਬਾਗ ਦੀ ਬਾਊਂਡਰੀ ਵਾਲ ਅਤੇ ਗਰਿੱਲ ਦਾ ਪੇਂਟ ਖਰਾਬ : ਨਗਰ ਨਿਗਮ ਨੇ ਸ਼ਹਿਰ ਦੇ ਪਾਰਕਾਂ ਦੀ ਹਾਲਤ ਤਾਂ ਕੀ ਸੁਧਾਰਨੀ ਹੈ ਨਗਰ ਨਿਗਮ ਦੇ ਦਫਤਰ ਦੇ ਬਾਹਰ ਸਥਿਤ ਨਹਿਰੂ  ਗਾਰਡਨ ਪਾਰਕ ਭਾਵ ਕੰਪਨੀ ਬਾਗ ਦੀ ਆਪਣੀ ਹਾਲਤ ਨੂੰ ਸਰਵੇ ਰਿਪੋਰਟ ਵਿਚ ਚੰਗਾ ਨਹੀਂ ਦੱਸਿਆ ਗਿਆ ਹੈ। ਇਸ ਦੀ ਬਾਊਂਡਰੀ ਵਾਲ ਤੇ ਗਰਿੱਲ ਨੂੰ ਪੇਂਟ ਕੀਤੇ ਜਾਣ ਦੀ ਜ਼ਰੂਰਤ ਦੱਸੀ ਗਈ ਹੈ। ਇਸ ਪਾਰਕ ਵਿਚ 6 ਮਾਲੀ ਤਾਇਨਾਤ ਹਨ ਤੇ ਇਸ ਪਾਰਕ ਦੀ ਸਾਂਭ ਸੰਭਾਲ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਿਕ ਪਾਰਕ ਵਿਚ 11 ਲੋਹੇ ਦੇ ਬੈਂਚ ਤੇ 32 ਸੀਮੈਂਟ ਨਾਲ ਬਣੇ ਬੈਂਚ ਹਨ ਪਰ ਪਾਰਕ ਵਿਚ ਬੱਚਿਆਂ ਦੇ ਖੇਡਣ ਸਬੰਧੀ ਕੁਝ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਹਨ।
ਬਹੁਤ ਚੰਗੀ ਹਾਲਤ ਵਾਲੇ- ਪਾਰਕ ਚਲਾਉਣ ਵਾਲੀ ਸੰਸਥਾ ਦਾ ਨਾਂ
ਸੇਠ ਹੁਕਮ ਚੰਦ ਕਾਲੋਨੀ- ਸੇਠ ਹੁਕਮ ਚੰਦ ਕਾਲੋਨੀ ਵੈੱਲਫੇਅਰ ਸੁਸਾਇਟੀ 
ਲਾਜਪਤ ਨਗਰ- ਲਾਜਪਤ ਨਗਰ ਰੈਜ਼ੀਡੈਂਸ ਵੈੱਲਫੇਅਰ ਸੁਸਾਇਟੀ 
ਜੇ. ਪੀ. ਨਗਰ- ਜੇ. ਪੀ. ਨਗਰ ਪੀਪਲਜ਼ ਵੈੱਲਫੇਅਰ ਸੁਸਾਇਟੀ
ਮਾਡਲ ਟਾਊਨ- ਮਾਡਲ ਟਾਊਨ ਵੈੱਲਫੇਅਰ ਸੁਸਾਇਟੀ 
(ਗੁਰਦੁਆਰਾ ਸਾਹਿਬ ਦੇ ਪਿੱਛੇ)
ਮਾਡਲ ਟਾਊਨ (ਕਪੂਰ ਵਾਲੀ ਪਾਰਕ)- ਮਾਡਲ ਟਾਊਨ ਵੈਸਟ ਵੈੱਲਫੇਅਰ ਸੁਸਾਇਟੀ 
ਅਰਬਨ ਅਸਟੇਟ ਫੇਜ਼-2- ਗੋ ਗਰੀਨ ਸਿਟੀਜ਼ਨ ਵੈੱਲਫੇਅਰ ਸੁਸਾਇਟੀ 
ਮਿੱਠਾਪੁਰ ਗੁਰਦੁਆਰੇ ਦੇ ਨੇੜੇ- ਨਗਰ ਨਿਗਮ 
ਗੁਰੂ ਤੇਗ ਬਹਾਦਰ ਨਗਰ- ਗੁਰੂ ਤੇਗ ਬਹਾਦਰ ਨਗਰ ਰੈਜ਼ੀਡੈਂਸ ਵੈੱਲਫੇਅਰ ਐਸੋਸੀਏਸ਼ਨ