14.2 ਕਿਲੋ ਦੇ ਸਿਲੰਡਰ ''ਚ ਨਿਕਲਿਆ 10 ਕਿਲੋ ਪਾਣੀ

04/14/2018 12:34:03 PM

ਬਰਨਾਲਾ (ਬਿਊਰੋ) — ਭਦੌੜ 'ਚ 14.2 ਕਿਲੋ ਦੇ ਐੱਲ. ਪੀ. ਜੀ. ਗੈਸ ਸਿਲੰਡਰ 'ਚੋਂ ਗੈਸ ਦੀ ਜਗ੍ਹਾ 10 ਕਿਲੋ ਪਾਣੀ ਨਿਕਲਿਆ ਤੇ ਪੀੜਤ ਗ੍ਰਾਹਕ ਵਲੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੀਤ ਮਾਨ ਨੇ ਦੱਸਿਆ ਕਿ ਉਸ ਦੀ ਪਤਨੀ 15 ਦਿਨ ਪਹਿਲਾਂ ਭਦੌੜ ਸਥਿਤ ਇਕ ਗੈਸ ਏਜੰਸੀ ਤੋਂ ਗੈਸ ਸਿਲੰਡਰ ਭਰਵਾ ਕੇ ਲਿਆਈ ਸੀ, ਜੋ ਕਦੇ-ਕਦੇ ਚਲਦੇ-ਚਲਦੇ ਬੰਦ ਹੋ ਜਾਂਦਾ ਸੀ। ਸਵੇਰੇ ਜਦ ਉਨ੍ਹਾਂ ਇਸ ਨੂੰ ਹਿਲਾ ਕੇ ਦੇਖਿਆ ਤਾਂ ਇਸ 'ਚ ਪਾਣੀ ਭਰਿਆ ਹੋਣ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਸਿਲੰਡਰ ਨੂੰ ਇਕ ਬਾਲਟੀ 'ਚ ਉਲਟਾ ਕਰਕੇ ਦੇਖਿਆ ਗਿਆ ਤਾਂ ਇਸ 'ਚੋਂ ਕਾਲੇ ਰੰਗ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਤੇ ਘੱਟ ਤੋਂ ਘੱਟ 10 ਕਿਲੋ ਪਾਣੀ ਨਿਕਲਿਆ।
ਉਨ੍ਹਾਂ ਨੇ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਕੋਈ ਵੀ ਵਿਅਕਤੀ ਇਸ ਦਾ ਸ਼ਿਕਾਰ ਨਾ ਹੋ ਸਕੇ। ਇਸ ਸੰਬੰਧੀ ਜਦ ਉਕਤ ਏਜੰਸੀ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਉਠਾਇਆ।