ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ 1 ਦੀ ਮੌਤ 2 ਜ਼ਖਮੀ

08/12/2018 11:30:24 PM

 

ਅੰਮ੍ਰਿਤਸਰ (ਅਵਦੇਸ਼)– ਸਥਾਨਕ ਖੇਤਰ ਕੋਟ ਖਾਲਸਾ 'ਚ ਦੇਰ ਸ਼ਾਮ ਘਰੇਲੂ ਵਿਵਾਦ ਕਾਰਨ ਚੱਲੀ ਗੋਲੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਪੁੱਤਰ ਕਰਤਾਰ ਸਿੰਘ ਵਜੋਂ ਹੋਈ। ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਦੀ ਭੈਣ ਦਾ ਉਸ ਦੇ ਜੀਜੇ ਸੁਖਵਿੰਦਰ ਸਿੰਘ ਵਾਸੀ ਬਰੇਲੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਅੱਜ ਦੇਰ ਸ਼ਾਮ ਮੋਟਰਸਾਈਕਲ 'ਤੇ ਆਏ 2 ਮੁਲਜ਼ਮਾਂ ਨੇ ਪਹਿਲਾਂ ਉਕਤ ਪਰਿਵਾਰ ਦੇ ਮੈਂਬਰਾਂ ਨਾਲ ਕੁੱਟ-ਮਾਰ ਕੀਤੀ ਤੇ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ ਪ੍ਰਤਾਪ ਸਿੰਘ, ਉਸ ਦੀ ਮਾਤਾ ਦਲਬੀਰ ਕੌਰ ਤੇ ਕਮਲਜੀਤ ਕੌਰ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ। ਇਲਾਜ ਲਈ ਲਿਜਾਂਦੇ ਸਮੇਂ ਪ੍ਰਤਾਪ ਸਿੰਘ ਦੀ ਮੌਤ ਹੋ ਗਈ, ਜਦਕਿ ਦਲਬੀਰ ਕੌਰ ਤੇ ਕਮਲਜੀਤ ਕੌਰ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਥਾਣਾ ਸੁਲਤਾਨਪੁਰ ਦੀ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।