1 ਕਿਲੋ ਹੈਰੋਇਨ ਤੇ ਨਾਜਾਇਜ਼ ਅਸਲੇ ਸਣੇ ਕਾਬੂ

04/26/2018 6:56:30 AM

ਝਬਾਲ/ਬੀੜ ਸਾਹਿਬ/ਤਰਨਤਾਰਨ,    (ਜ.ਬ, ਬਖਤਾਵਰ, ਮਿਲਾਪ)-  ਸੀ. ਏ. ਸਟਾਫ ਤਰਨਤਾਰਨ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ ਤੇ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਦੀ ਸਫ਼ਲਤਾ ਹਾਸਲ ਕੀਤੀ ਹੈ। 
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਸੀ. ਏ. ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲ ਸੂਆ ਭੁੱਸੇ ਨਜ਼ਦੀਕ ਬੀਤੀ ਸ਼ਾਮ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪਲਟੀਨਾ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਪੁਲਸ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਮੋਮੀ ਲਿਫਾਫੇ 'ਚੋਂ 1 ਕਿਲੋ ਹੈਰੋਇਨ, ਇਕ 315 ਬੋਰ ਦਾ ਪਿਸਟਲ ਅਤੇ ਇਕ ਜ਼ਿੰਦਾ ਰੌਂਦ ਬਰਾਮਦ ਹੋਇਆ। 
ਐੱਸ. ਐੱਸ. ਪੀ. ਮਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਰਤਾਜ ਸਿੰਘ ਉਰਫ ਤਾਜਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਬਹਿਕ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ, ਜਿਸ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।